ਇੰਦਰਜੀਤ ਤੇ ਅਜਾਇਬ ਸਿੰਘ ਦੇ ਰੀਮਾਂਡ 'ਚ ਵਾਧਾ

ਇੰਦਰਜੀਤ ਤੇ ਅਜਾਇਬ ਸਿੰਘ ਦੇ ਰੀਮਾਂਡ 'ਚ ਵਾਧਾ

June 20, 2017 12:17 AM

ਐਸ.ਏ.ਐਸ.ਨਗਰ, 19 ਜੂਨ (ਗੁਰਮੁਖ ਵਾਲੀਆ) : ਐਸ.ਟੀ.ਐਫ਼ ਵਲੋਂ ਕਪੂਰਥਲਾ 'ਚ ਤਾਇਨਾਤ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਅਜਾਇਬ ਸਿੰਘ ਨੂੰ ਅੱਜ ਪਿਛਲੇ ਰੀਮਾਂਡ ਤੋਂ ਬਾਅਦ ਮੁੜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ। ਸਰਕਾਰੀ ਵਕੀਲ ਨੇ ਅੱਜ ਰੀਮਾਂਡ ਹਾਸਲ ਕਰਨ ਵੇਲੇ ਅਦਾਲਤ ਵਿਚ ਇਹ ਤਰਕ ਰੱਖਿਆ ਕਿ ਇੰਦਰਜੀਤ ਕੋਲੋਂ ਅੰਮ੍ਰਿਤਸਰ ਤੋਂ ਜਿਹੜੀ ਦੂਜੀ ਏਕੇ -47 ਬਰਾਮਦ ਹੋਈ ਹੈ, ਉਸ ਦੀ ਜਾਂਚ ਕਰਨੀ ਹੈ ਅਤੇ ਇਸ ਮਾਮਲੇ 'ਚ ਇਸ ਦੇ ਹੋਰ ਕਿਸ ਨਾਲ ਸਬੰਧ ਸੀ, ਬਾਰੇ ਵੀ ਜਾਂਚ ਕੀਤੀ ਜਾਣੀ ਹੈ। ਜਦੋਂ ਕਿ ਪਹਿਲੀ ਮਿਲੀ ਏਕੇ-47 ਬਾਰੇ ਇੰਦਰਜੀਤ ਨੇ ਕਿਹਾ ਸੀ ਕਿ ਇਹ ਕਿਸੇ ਮਾਮਲੇ 'ਚ ਨਾਮਜ਼ਦ ਹੈ ਪਰ ਜਾਂਚ ਦੌਰਾਨ ਉਹ ਏਕੇ-47 ਕਿਸੇ ਮਾਮਲੇ 'ਚ ਨਾਮਜ਼ਦ ਨਹੀਂ ਪਾਈ ਗਈ।
ਇਸੇ ਦੌਰਾਨ ਆਜਾਇਬ ਸਿੰਘ ਦੇ ਰੀਮਾਂਡ ਹਾਸਲ ਕਰਨ ਵੇਲੇ ਵੀ ਅਜਿਹੇ ਤਰਕ ਰੱਖੇ ਗਏ। ਦੂਜੇ ਪਾਸੇ ਇੰਦਰਜੀਤ ਸਿੰਘ ਦੇ ਵਕੀਲ ਕੰਵਰ ਮੁਬਾਰਕ ਸਿੰਘ ਤੇ ਅਜਾਇਬ ਸਿੰਘ ਦੀ ਵਕੀਲ ਮੰਦੀਪ ਕੌਰ ਨੇ ਰੀਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਜਾਣਬੂਝ ਕੇ ਅਦਾਲਤ ਤੋਂ ਰੀਮਾਂਡ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅਦਾਲਤ 'ਚ ਮੰਗ ਕੀਤੀ ਕਿ ਇੰਦਰਜੀਤ ਨੂੰ ਜਦੋਂ ਪੁਲਿਸ ਲਾਈਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਵੇਲੇ ਦੀ ਫੂਟੇਜ ਅਤੇ ਜਦੋਂ ਇੰਦਰਜੀਤ ਨੂੰ ਲੁਧਿਆਣੇ ਲਿਜਾਇਆ ਜਾ ਰਿਹਾ ਸੀ ਤੇ ਰਾਹ ਵਿਚ ਪੈਂਦੇ ਟੋਲ ਪਲਾਜ਼ਾ ਦੀ ਫੂਟੇਜ ਅਦਾਲਤ ਵਿਚ ਮੁਹਈਆ ਕਰਵਾਈ ਜਾਏ।
ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇੰਦਰਜੀਤ ਨੂੰ 26 ਜੂਨ ਤੇ ਅਜਾਇਬ ਸਿੰਘ ਨੂੰ 22 ਜੂਨ ਤਕ ਪੁਲਿਸ ਰੀਮਾਂਡ 'ਤੇ ਭੇਜ ਦਿਤਾ। ਮੁਲਜ਼ਮਾਂ ਨੇ ਅਪਣੇ ਵਕੀਲ ਰਾਹੀਂ ਅਦਾਲਤ ਵਿਚ ਦਸਿਆ ਕਿ ਉਨ੍ਹਾਂ ਨੂੰ ਅਪਣੇ ਪਰਵਾਰ ਨਾਲ ਨਹੀਂ ਮਿਲਣ ਦਿਤਾ ਜਾ ਰਿਹਾ ਜਿਸ ਤੋਂ ਬਾਅਦ ਅਦਾਲਤ ਨੇ ਨਿਰਦੇਸ਼ ਦਿਤੇ ਕਿ ਇਸ ਸਮਾਂ 'ਤੇ ਦਿਨ ਤੈਅ ਕਰ ਕੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਪਰਵਾਰ ਨਾਲ ਮਿਲਾਇਆ ਜਾਏ।
ਦੱਸਣਯੋਗ ਹੈ ਕਿ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ 'ਤੇ ਅਜਾਇਬ ਸਿੰਘ ਨੂੰ ਐਸ.ਟੀ.ਐਫ਼ ਦੀ ਟੀਮ ਨੇ ਕਪੂਰਥਲਾ ਜ਼ਿਲ੍ਹੇ 'ਚੋਂ ਗ੍ਰਿਫ਼ਤਾਰ ਕੀਤਾ ਸੀ। ਐਸ.ਟੀ.ਐਫ਼ ਵਲੋਂ ਅਜਾਇਬ ਸਿੰਘ ਕੋਲੋਂ ਨਸ਼ੀਲੇ ਕੈਪਸੂਲ, ਨਸ਼ੀਲੀਆਂ ਸ਼ੀਸ਼ੀਆਂ, 1 ਬ੍ਰਾਜੀਲ ਦਾ 32 ਬੋਰ ਰਿਵਾਲਵਰ, 71 ਵੱਖ-ਵੱਖ ਕਾਰਤੂਸ ਬਰਾਮਦ ਕੀਤੇ ਗਏ ਸਨ। ਅਜਾਇਬ ਸਿੰਘ ਅਪਣੇ ਸੀਨੀਅਰ ਅਫ਼ਸਰ ਇੰਸਪੈਕਟਰ ਇੰਦਰਜੀਤ ਸਿੰਘ ਦਾ ਕਰੀਬੀ ਸੀ ਅਤੇ ਸੀ.ਆਈ. ਏ ਸਟਾਫ਼ ਕਾਫੀ ਸਮਾਂ ਇਕੱਠੇ ਕੰਮ ਵੀ ਕਰਦੇ ਰਹੇ ਹਨ। ਕੁੱਝ ਦਿਨ ਪਹਿਲਾਂ ਹੀ ਇੰਦਰਜੀਤ ਸਿੰਘ ਵਲੋਂ ਉਕਤ ਸਹਾਇਕ ਥਾਣੇਦਾਰ ਅਜਾਇਬ ਸਿੰਘ ਕੋਲ ਨਸ਼ੀਲੇ ਕੈਪਸੂਲ, ਸ਼ੀਸ਼ੀਆਂ, ਕਾਰਤੂਸ ਅਤੇ ਰਿਵਾਲਵਰ ਆਦੀ ਰੱਖ ਕੇ ਗਿਆ ਸੀ।
ਅਜਾਇਬ ਸਿੰਘ ਵੀ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾੜੇ ਕੰਮਾਂ 'ਚ ਪੂਰਾ ਸਾਥ ਦਿੰਦਾ ਸੀ, ਪੁਲਿਸ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕਰ ਰਹੀ ਸੀ। ਬੀਤੇ ਦਿਨੀਂ ਐਸ. ਟੀ. ਐਫ਼ ਵਲੋਂ ਇੰਸਪੈਕਟਰ ਇੰਦਰਜੀਤ ਸਿੰਘ ਨੂੰ 4 ਕਿਲੋ ਹੈਰੋਇਨ, 3 ਕਿਲੋ ਸਮੈਕ, ਪਿਸਟਲ, ਏ. ਕੇ 47, 16 ਲੱਖ 50 ਹਜ਼ਾਰ ਭਾਰਤੀ ਕਰੰਸੀ, 3550 ਪੌਂਡ ਅਤੇ ਸੈਂਕੜਿਆਂ ਦੀ ਤਦਾਦ 'ਚ ਬਰਾਮਦ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੀ ਨਿਸ਼ਾਨਦੇਹੀ 'ਤੇ ਅਜਾਇਬ ਸਿੰਘ ਕਾਬੂ ਕੀਤਾ ਗਿਆ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman