ਵਿਧਾਨ ਸਭਾ ਦੀ ਚੌਥੀ ਬੈਠਕ ਵਿਚ ਵੀ ਹੰਗਾਮਾ

ਵਿਧਾਨ ਸਭਾ ਦੀ ਚੌਥੀ ਬੈਠਕ ਵਿਚ ਵੀ ਹੰਗਾਮਾ

June 19, 2017 11:56 PM

ਚੰਡੀਗੜ੍ਹ, 19 ਜੂਨ (ਜੀ.ਸੀ. ਭਾਰਦਵਾਜ): ਪਿਛਲੇ ਬੁਧਵਾਰ ਤੋਂ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਅੱਜ ਚੌਥੀ ਬੈਠਕ ਵੀ ਹੰਗਾਮਾ-ਭਰਪੂਰ ਰਹੀ। ਬਾਅਦ ਦੁਪਹਿਰ ਦੋ ਵਜੇ ਤੋਂ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਰੌਲਾ ਪੈਂਦਾ ਰਿਹਾ, ਦੋਸ਼ ਲਗਦੇ ਰਹੇ, ਵਾਕਆਊਟ ਹੋਏ, ਸਰਕਾਰ ਵਿਰੁਧ ਨਾਹਰੇਬਾਜ਼ੀ ਹੋਈ ਅਤੇ ਸਰਕਾਰ ਨੇ ਪਿਛਲੇ 10 ਸਾਲ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਕੀਤੀਆਂ ਕੁਤਾਹੀਆਂ, ਵਿੱਤੀ ਹੇਰਫੇਰ ਅਤੇ ਪ੍ਰਸ਼ਾਸਕੀ ਕਾਰਗੁਜ਼ਾਰੀ ਦਾ ਵਾਈਟ ਪੇਪਰ ਜਾਰੀ ਕੀਤਾ।
ਸਰਕਾਰ ਦੇ ਵਾਈਟ ਪੇਪਰ ਦੇ ਜਵਾਬ ਵਿਚ ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ 20 ਸਫ਼ਿਆਂ ਦਾ ਅੰਗਰੇਜ਼ੀ ਵਿਚ 2002 ਤੋਂ 2017 ਦਾ ਕਿਤਾਬਚਾ ਲਹਿਰਾਇਆ ਅਤੇ ਹਾਊਸ ਦੇ ਟੇਬਲ 'ਤੇ ਰੱਖ ਦਿਤਾ। ਦੋਹਾਂ ਪਾਸੇ ਰੌਲਾ ਪੈ ਗਿਆ, ਨਾਹਰੇਬਾਜ਼ੀ ਹੋਈ ਅਤੇ ਅਕਾਲੀ-ਭਾਜਪਾ ਦੇ ਮੈਂਬਰ ਕਿਤਾਬਚਾ ਲਹਿਰਾਉਂਦੇ ਰਹੇ। 10 ਮਿੰਟ ਤਕ ਤੁਹਮਤਬਾਜ਼ੀ ਹੋਈ। ਮਜੀਠੀਆ-ਨਵਜੋਤ ਸਿੰਘ ਸਿੱਧੂ ਵਲੋਂ ਸੀਟਾਂ ਤੋਂ ਸ਼ਬਦੀ ਝੜਪ ਹੋਈ। ਇਸ ਘੜਮੱਸ ਮਗਰੋਂ ਸਪੀਕਰ ਵਲੋਂ ਕੰਟਰੋਲ ਨਾ ਹੁੰਦਾ ਵੇਖ ਕੇ, ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕੀਤੀ ਗਈ। ਅੱਜ ਦੀ ਚੌਥੇ ਦਿਨ ਦੀ ਕਾਰਵਾਈ ਲਈ ਪ੍ਰਸ਼ਨਕਾਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵੀ ਹਾਊਸ ਵਿਚ ਆ ਗਏ ਪਰ ਪਰਕਾਸ਼ ਸਿੰਘ ਬਾਦਲ ਅੱਜ ਵੀ ਗ਼ੈਰ ਹਾਜ਼ਰ ਰਹੇ। ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਲੋਕ ਇਨਸਾਫ਼ ਪਾਰਟੀ ਦੇ ਬਲਵਿੰਦਰ ਬੈਂਸ ਨੇ ਕੁੱਝ ਕਾਗ਼ਜ਼ ਲਹਿਰਾਏ, ਮੰਗ ਕੀਤੀ ਕਿ ਮੁੱਦਾ ਉਠਾਉਣ 'ਤੇ ਬਹਿਸ ਕਰਾਉ, ਸਮਾਂ ਨਾ ਦੇਣ 'ਤੇ ਸਪੀਕਰ ਦੇ ਸਾਹਮਣੇ ਵੈੱਲ ਵਿਚ ਆ ਗਏ, ਨਾਹਰੇ ਲਾਏ, ਸਪੀਕਰ ਨੂੰ ਬੁਰਾ-ਭਲਾ ਕਿਹਾ ਤੇ ਵਾਕ-ਆਊਟ ਕਰ ਗਏ।
ਸਿਫ਼ਰ ਕਾਲ ਵਿਚ ਵਿਰੋਧੀ ਧਿਰ ਦੇ ਨੇਤਾ ਸ. ਹਰਵਿੰਦਰ ਸਿੰਘ ਫੂਲਕਾ ਨੇ 'ਆਪ' ਦੇ ਸੀਨੀਅਰ ਮੈਂਬਰ ਸੁਖਪਾਲ ਖਹਿਰਾ ਦੀ ਮੁਅੱਤਲੀ ਅਤੇ ਮਾਮਲਾ ਮਰਿਯਾਦਾ ਕਮੇਟੀ ਨੂੰ ਦੇਣ ਦਾ ਅੱਜ ਫਿਰ ਇਤਰਾਜ਼ ਕੀਤਾ ਅਤੇ ਕਿਹਾ ਕਿ ਜਿਸ ਵੇਲੇ ਹਾਊਸ ਸ਼ੁਕਰਵਾਰ ਨੂੰ ਮੁਲਤਵੀ ਕੀਤਾ ਸੀ, ਉਸ ਵੇਲੇ ਖਹਿਰਾ ਨੇ ਵੀਡੀਉ ਬਣਾਈ ਸੀ, ਉਸ ਵਿਰੁਧ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਨਹੀਂ ਬਣਦਾ, ਉਸ ਨੂੰ ਬਹਾਲ ਕਰੋ। ਸਪੀਕਰ ਨਹੀਂ ਮੰਨਿਆ ਤਾਂ ਸ. ਫੂਲਕਾ ਵਾਕ-ਆਊਟ ਕਰ ਗਏ, ਬਾਕੀ ਪਾਰਟੀ ਮੈਂਬਰ ਬੈਠੇ ਰਹੇ।
ਅਕਾਲੀ ਦਲ ਦੇ ਡਿਪਟੀ ਲੀਡਰ ਅਜੀਤ ਸਿੰਘ ਕੋਹਾੜ ਨੇ ਰੇਤ ਦੀਆਂ ਖੱਡਾਂ ਦੀ ਈ-ਨੀਲਾਮੀ ਬਾਰੇ ਬਹਿਸ ਮੰਗੀ, ਪਰ ਸਪੀਕਰ ਨੇ ਰੱਦ ਕਰ ਦਿਤੀ। ਅਕਾਲੀ ਮੈਂਬਰਾਂ ਨੇ ਰੌਲਾ ਪਾਇਆ ਤੇ ਨਾਹਰੇ ਲਾਏ। ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ ਨੇ 'ਆਪ' ਦੇ ਅਮਨ ਅਰੋੜਾ ਦੇ ਰਿਸ਼ਤੇਦਾਰ ਦੇ ਕਿਸੇ ਸੱਟਾ ਘੁਟਾਲੇ ਵਿਚ ਫਸੇ ਹੋਣ ਦੇ ਦੋਸ਼ ਲਾਏ। ਜਵਾਬ ਵਿਚ ਅਰੋੜਾ ਨੇ ਵੀ ਗਿੱਦੜਬਾਹਾ ਵਿਧਾਇਕ ਦੇ ਕਤਲਾਂ ਦੇ ਜੁਰਮ ਵਿਚ ਫਸੇ ਹੋਣ ਦੀ ਗੱਲ ਕਹੀ, ਸ਼ਬਦੀ ਜੰਗ ਹੋ ਗਈ ਅਤੇ ਸਿਫ਼ਰ ਕਾਲ ਨੂੰ ਸਪੀਕਰ ਰਾਣਾ ਕੰਵਰਪਾਲ ਨੇ 20 ਮਿੰਟ ਬਾਅਦ ਹੀ ਖ਼ਤਮ ਕਰ ਦਿਤਾ।
ਇਕ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨ  ਮਗਰੋਂ ਜਦ ਸਦਨ ਦੀ 30 ਮਿੰਟ ਬਾਅਦ ਬੈਠਕ ਫਿਰ ਜੁੜੀ ਤਾਂ ਮਾਰਚ ਮਹੀਨੇ ਦਿਤੇ ਰਾਜਪਾਲ ਦੇ  ਭਾਸ਼ਨ 'ਤੇ ਦੂਜੇ ਦਿਨ ਵੀ ਬਹਿਸ ਸ਼ੁਰੂ ਹੋਈ। ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਇਸ ਭਾਸ਼ਨ ਵਿਚੋਂ ਕਈ ਚੁਭਵੇਂ ਨੁਕਤੇ ਕੱਢ ਕੇ ਮੰਤਰੀ ਨਵਜੋਤ ਸਿਧੂ 'ਤੇ ਸ਼ਬਦੀ ਚੋਟਾਂ ਮਾਰੀਆਂ ਤੇ ਘੜਮੱਸ ਪੈ ਗਿਆ। ਸਪੀਕਰ ਨੂੰ ਬੈਠਕ ਫਿਰ ਮੁਲਤਵੀ ਕਰਨੀ ਪਈ। ਅੱਜ ਕਾਂਗਰਸ ਦੇ ਇੰਦਰਬੀਰ ਸਿੰਘ ਜ਼ੀਰਾ ਨੇ ਕੁੱਝ ਮੁੱਦੇ ਉਠਾਏ ਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਸ. ਜ਼ੀਰਾ ਦੇ ਕਾਗਜ਼ ਪਾੜ ਕੇ ਹਾਊਸ ਵਿਚ ਸੁੱਟੇ। ਜ਼ੀਰਾ ਨੇ ਕਿਹਾ ਕਿ ਬੈਂਸ ਨੇ ਸਦਨ ਦੀ ਤੌਹੀਨ ਕੀਤੀ, ਉਸ ਵਿਰੁਧ ਐਕਸ਼ਨ ਲਉ। ਇਹ ਸਾਰਾ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦੇ ਦਿਤਾ ਗਿਆ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman