ਪੰਜਾਬ ਦੀ 'ਮਾੜੀ' ਵਿੱਤੀ ਹਾਲਤ ਬਾਰੇ ਵਾਈਟ ਪੇਪਰ ਜਾਰੀ

ਪੰਜਾਬ ਦੀ 'ਮਾੜੀ' ਵਿੱਤੀ ਹਾਲਤ ਬਾਰੇ ਵਾਈਟ ਪੇਪਰ ਜਾਰੀ

June 19, 2017 11:51 PM

ਚੰਡੀਗੜ੍ਹ, 19 ਜੂਨ (ਜੀ.ਸੀ. ਭਾਰਦਵਾਜ): ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚਲ ਰਹੇ ਬਜਟ ਸੈਸ਼ਨ ਦੇ ਅੱਜ ਚੌਥੇ ਦਿਨ ਲਗਭਗ 150 ਸਫ਼ਿਆਂ ਦਾ ਵਾਈਟ ਪੇਪਰ ਸਦਨ ਦੀ ਮੇਜ਼ 'ਤੇ ਰਖਿਆ ਜਿਸ ਵਿਚ ਪੰਜਾਬ ਦੀ ਪਤਲੀ ਵਿੱਤੀ ਹਾਲਤ, 1,82,000 ਕਰੋੜ ਦੇ ਕਰਜ਼ੇ ਚੜ੍ਹੇ ਹੋਣ ਅਤੇ ਬੇਅੰਤ ਵਿੱਤੀ ਧਾਂਦਲੀਆਂ ਦਾ ਜ਼ਿਕਰ ਹੈ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰਾਂ ਦੇ 10 ਸਾਲ ਦੇ ਸਮੇਂ ਵਿਚ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਵਿੱਤ ਮੰਤਰੀ ਨੇ ਦੂਜਾ ਵਾਈਟ ਪੇਪਰ 35 ਸਫ਼ਿਆਂ ਦਾ ਅੰਗਰੇਜ਼ੀ ਵਿਚ ਜਾਰੀ ਕੀਤਾ ਜਿਸ ਵਿਚ ਅਕਾਲੀ ਰਾਜ ਦੇ 'ਮਾੜੇ ਪ੍ਰਬੰਧਾਂ' ਦਾ ਜ਼ਿਕਰ ਹੈ। ਵਿੱਤੀ ਹਾਲਤ ਸੰਕਟਮਈ ਹੋਣ ਕਰ ਕੇ 7791 ਕਰੋੜ ਦੇ ਬਿਲ ਰੱਦ ਹੋ ਗਏ, ਕਰਮਚਾਰੀਆਂ ਦੇ ਮਹਿੰਗਾਈ ਭੱਤੇ ਦੇ 2773 ਕਰੋੜਾਂ ਬਾਕੀ ਹਨ, 2342 ਕਰੋੜ ਦੀ ਬਿਜਲੀ ਸਬਸਿਡੀ ਨਹੀਂ ਦਿਤੀ ਅਤੇ ਕਾਂਗਰਸ ਸਰਕਾਰ ਸਿਰ 13039 ਕਰੋੜ ਦੀ ਦੇਣਦਾਰੀ ਪਿਛਲੀ ਸਰਕਾਰ ਵਲੋਂ ਤੋਹਫ਼ਾ ਹੈ।
ਵਾਈਟ ਪੇਪਰ ਕਹਿੰਦਾ ਹੈ ਕਿ ਕਿਸਾਨ 2007-08 ਵਿਚ ਜੋ ਮਾਲੀ ਘਾਟਾ 3823 ਕਰੋੜ ਸੀ, ਹੁਣ ਵੱਧ ਕੇ 8550 ਕਰੋੜ ਤਕ ਪਹੁੰਚ ਗਿਆ ਹੈ ਅਤੇ 2016-17 ਵਿਚ ਹੋਰ ਵਧੇਗਾ। ਵਿੱਤੀ ਘਾਟਾ 4384 ਕਰੋੜ ਤੋਂ ਵੱਧ ਕੇ 11762 ਕਰੋੜ 'ਤੇ ਪਹੁੰਚਿਆ।
ਸਰਕਾਰੀ ਖੇਤਰ, ਜਨਤਕ ਖੇਤਰ, ਬੋਰਡਾਂ, ਕਾਰਪੋਰੇਸ਼ਨਾਂ, ਸਰਕਾਰੀ ਗਾਰੰਟੀਆਂ ਸਮੇਤ ਹੋਰ ਕਰਜ਼ੇ ਮਿਲਾ ਕੇ ਕੁਲ ਕਰਜ਼ਾ 1,82,000 ਕਰੋੜ ਰੁਪਏ ਤਕ ਪਹੁੰਚ ਚੁੱਕਾ ਹੈ। 35 ਸਫ਼ਿਆਂ ਦੇ ਕੁਸ਼ਾਸਨ ਯਾਨੀ ਮਾੜੇ ਪ੍ਰਬੰਧਾਂ ਬਾਰੇ ਜਾਰੀ ਵਾਈਟ ਪੇਪਰ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਨੇ ਤਹਈਆ ਕੀਤਾ ਹੈ ਕਿ ਲੋਕਾਂ ਨੂੰ ਪੁਰਾਣੇ ਭ੍ਰਿਸ਼ਟ ਢੰਗਾਂ ਤੋਂ ਨਿਜਾਤ ਦਿਵਾਉਣੀ ਹੈ, ਸੁਚੱਜਾ ਪ੍ਰਸ਼ਾਸਨ ਦੇਣਾ ਹੈ ਅਤੇ ਸਰਕਾਰ ਸਿੱਧਾ ਸੰਪਰਕ ਲੋਕਾਂ ਨਾਲ ਰੱਖੇਗੀ।
ਮੁੱਖ ਵਿਰੋਧੀ ਧਿਰ 'ਆਪ' ਤਾਂ ਵਾਈਟ ਪੇਪਰ ਜਾਰੀ ਕਰਨ ਮੌਕੇ ਚੁੱਪ ਰਹੀ ਪਰ ਦੂਜੀ ਵਿਰੋਧੀ ਧਿਰ ਅਕਾਲੀ-ਭਾਜਪਾ ਜਿਸ ਵਿਰੁਧ ਇਹ ਵਾਈਟ ਪੇਪਰ ਸੀ, ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰੰਘ ਢੀਂਡਸਾ ਨੇ ਵੀ 20 ਸਫ਼ਿਆਂ ਦਾ ਅੰਗਰੇਜ਼ੀ ਵਿਚ ਨੀਲੇ ਕਵਰ ਵਾਲਾ ਵਾਈਟ ਪੇਪਰ ਸਦਨ ਦੀ ਮੇਜ਼ 'ਤੇ ਰਖਿਆ ਪਰ ਸਪੀਕਰ ਨੇ ਰੱਦ ਕਰ ਦਿਤਾ ਜਿਸ ਮਗਰੋਂ ਰੌਲਾ ਪੈ ਗਿਆ, ਸਾਰੇ ਅਕਾਲੀ-ਭਾਜਪਾ ਮੈਂਬਰ ਹੱਥਾਂ ਵਿਚ ਇਹ ਪੇਪਰ ਉਪਰ ਚੁਕਦੇ ਹੋਏ ਕਹਿਣ ਲੱਗੇ ਕਿ ਸਾਡੇ ਅੰਕੜੇ ਸਹੀ ਹਨ। ਢੀਂਡਸਾ ਨੇ ਅਪਣੇ ਵਾਈਟ ਪੇਪਰ ਵਿਚ ਲਿਖਿਆ ਹੋਇਆ ਹੈ ਕਿ 2007-08 ਵਿਚ ਵਿੱਤੀ ਘਾਟਾ 5566 ਕਰੋੜ ਸੀ। ਅਕਾਲੀ ਦਲ ਦੇ ਵਾਈਟ ਪੇਪਰ ਵਿਚ 2002-03 ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਦੋਂ ਤੋਂ 2016-17 ਦੇ ਅੰਕੜੇ ਜੋ ਬਜਟ ਪ੍ਰਸਤਾਵਾਂ ਦਾ ਹਿੱਸਾ ਰਹੇ ਹਨ, ਦਿਤੇ ਹੋਏ ਹਨ।
ਢੀਂਡਸਾ ਨੇ 1,83,000 ਕਰੋੜ ਦੇ ਕਰਜ਼ੇ ਬਾਰੇ ਵਾਈਟ ਪੇਪਰ ਵਿਚ ਵਿਖਾਇਆ ਕਿ ਕਾਂਗਰਸ ਸਰਕਾਰ ਵੇਲੇ ਵੀ 27010 ਕਰੋੜ ਦਾ ਕਰਜ਼ਾ ਸੀ। ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਾਲ 2017-18 ਦੇ ਬਜਟ ਪ੍ਰਸਤਾਵ ਭਲਕੇ ਹਾਊਸ ਵਿਚ ਪੇਸ਼ ਕੀਤੇ ਜਾਣਗੇ ਜਿਨ੍ਹਾਂ ਵਿਚ ਲੰਮੇ ਚੌੜੇ ਵੇਰਵੇ ਦਿਤੇ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨੀ ਕਰਜ਼ਿਆਂ ਨੂੰ ਮੁਆਫ਼ ਕਰਨ ਦਾ ਵੀ ਬਜਟ ਵਿਚ ਪ੍ਰਾਵਧਾਨ ਕੀਤਾ ਜਾ ਰਿਹਾ ਹੈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman