ਰੁਪਏ ਦਾ ਘਪਲਾ ਕੀਤਾ ਹੋਵੇ ਤਾਂ ਗੋਲੀ ਮਾਰ ਦਿਉ: ਮਾਨ

ਰੁਪਏ ਦਾ ਘਪਲਾ ਕੀਤਾ ਹੋਵੇ ਤਾਂ ਗੋਲੀ ਮਾਰ ਦਿਉ: ਮਾਨ

January 11, 2017 11:24 PM

ਖਰੜ, 11 ਜਨਵਰੀ (ਹਰਵਿੰਦਰ ਕੌਰ) : ਹਰੇਕ ਮੈਂਬਰ ਪਾਰਲੀਮੈਂਟ ਨੂੰ ਅਪਣੇ ਹਲਕੇ ਦੇ ਵਿਕਾਸ ਲਈ ਹਰ ਸਾਲ 5 ਕਰੋੜ ਰੁਪਏ ਦੀ ਗ੍ਰਾਂਟ ਮਿਲਦੀ ਹੈ। ਮੈਨੂੰ ਐਮ.ਪੀ.ਬਣਿਆ ਢਾਈ ਸਾਲ ਹੋ ਗਏ ਅਤੇ ਜੇਕਰ ਮੈਂ ਕਦੇ ਵੀ ਇਕ ਰੁਪਏ ਦਾ ਵੀ ਘਪਲਾ ਕੀਤਾ ਹੋਵੇ ਤਾਂ ਮੈਨੂੰ ਚੌਂਕ ਵਿਚ ਖੜ੍ਹਾ ਕਰ ਕੇ ਗੋਲੀ ਮਾਰ ਦਿਉ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਨਜ਼ਦੀਕੀ ਪਿੰਡ ਘੜੂੰਆਂ ਵਿਖ਼ੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਪਾਰਟੀ ਉਮੀਦਵਾਰ ਡਾ. ਚਰਨਜੀਤ ਸਿੰਘ ਦੇ ਹੱਕ ਵਿੱਚ ਹੋਈ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਜਿਹੜੇ ਉਮੀਦਵਾਰ ਨੂੰ ਅਸੀਂ ਵੋਟਾਂ ਪਾ ਕੇ ਪਾਰਲੀਮੈਂਟ ਜਾਂ ਵਿਧਾਨ ਸਭਾ ਵਿਚ ਭੇਜਦੇ ਹਾਂ, ਸਾਡਾ ਪੂਰਾ ਹੱਕ ਹੈ ਕਿ ਅਸੀਂ ਉਸ ਤੋਂ ਹਲਕੇ ਲਈ ਆਈ ਗ੍ਰਾਂਟ ਦਾ ਹਿਸਾਬ ਮੰਗੀਏ ਅਤੇ ਉਨ੍ਹਾਂ ਵਾਅਦਿਆਂ ਦਾ ਹਵਾਲਾ ਦੇ ਕੇ ਜਵਾਬ ਤਲਬੀ ਕਰੀਏ ਜੋ ਉਸ ਉਮੀਦਵਾਰ ਨੇ ਵੋਟਾਂ ਮੰਗਣ ਵੇਲੇ ਕੀਤੇ ਸਨ।
ਉਨ੍ਹਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਦਸ ਸਾਲਾਂ ਵਿਚ ਪੰਜਾਬ ਦਾ ਅਜਿਹਾ ਹਾਲ ਕਰ ਦਿਤਾ ਹੈ ਕਿ ਘਰਾਂ ਅੰਦਰ ਚੁੱਲੇ ਬੁਝਦੇ ਜਾ ਰਹੇ ਹਨ ਪਰ ਸਿਵੇ ਬੁੱਝਣ ਦਾ ਨਾਂ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਪੰਜਾਬ ਦਾ ਬਚਪਨ, ਜਵਾਨੀ, ਬੁਢਾਪਾ ਖਾ ਲਿਆ ਹੈ ਅਤੇ ਨਸ਼ੇ ਦੀ ਦਲਦਲ ਵਿਚ ਫਸਾ ਕੇ ਅਗਲੀ ਪੀੜ੍ਹੀ ਦੀਆਂ ਜੜ੍ਹਾਂ ਵੱਢਣ ਵਿਚ ਲੱਗੇ ਹੋਏ ਹਨ।
ਉਨ੍ਹਾਂ ਅਕਾਲੀ ਦਲ ਵਲੋਂ ਗਠਿਤ  ਐਸ. ਓ. ਆਈ ਨੂੰ ਸਮੈਕ ਆਰਗਨਾਈਜੇਸ਼ਨ ਆਫ਼ ਇੰਡੀਆ ਅਤੇ ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ) ਨੂੰ ਸਨ ਐਂਡ ਡੈਡ ਪਾਰਟੀ ਦਾ ਖਿਤਾਬ ਵੀ ਦਿਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਖੌਤੀ ਆਗੂਆਂ ਨੇ ਅਪਣੇ ਧੀਆਂ ਪੁੱਤਰ ਤਾਂ ਵਿਦੇਸ਼ਾਂ ਵਿੱਚ ਸੈਟ ਕਰ ਲਏ ਹਨ ਪਰ ਸਾਡੇ ਧੀਆਂ ਪੁੱਤਰ ਟੈਂਕੀ 'ਤੇ ਚੜ੍ਹ ਕੇ ਅੱਗਾਂ ਲਾਉਣ ਲਈ, ਸੜਕਾਂ 'ਤੇ ਧਰਨੇ ਲਾਉਣ ਲਈ ਅਤੇ ਪੁਲੀਸ ਦੀਆਂ ਲਾਠੀਆਂ ਖਾਣ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਸਬੰਧੀ ਬਿਆਨ ਦਿੰਦੇ ਹਨ ਕਿ ਭਗਵੰਤ ਮਾਨ ਦੇ ਭਾਸ਼ਨ ਲੋਕਾਂ ਨੂੰ ਭੜਕਾਉਂਦੇ ਹਨ ਤੇ ਬੈਨ ਹੋਣੇ ਚਾਹੀਦੇ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇਹ ਉਹੀ ਅਕਾਲੀ ਆਗੂ ਨੇ ਜੋ ਕਹਿੰਦੇ ਸਨ ਕਿ ਭਗਵੰਤ ਮਾਨ ਨੂੰ ਕੋਈ ਸੁਣਦਾ ਹੀ ਨਹੀਂ।
ਇਸ ਮੌਕੇ ਪਾਰਟੀ ਉਮੀਦਵਾਰ ਡਾ. ਚਰਨਜੀਤ ਸਿੰਘ ਚੰਨੀ, ਸ਼ੇਰ ਸਿੰਘ ਗੌਰਾਇਆ, ਜਤਿੰਦਰ ਰਾਣਾ ਸਮੇਤ ਹੋਰ ਕਈ ਪਾਰਟੀ ਆਗੂਆਂ ਨੇ ਵੀ ਅਪਣੇ ਵਿਚਾਰ ਰੱਖੇ। ਇਸ ਮੌਕੇ ਆਪ ਦੇ ਸੂਬਾ ਮੀਤ  ਪ੍ਰਧਾਨ ਮੇਹਰ ਸਿੰਘ ਮੱਲੀ ਅਮਰਾਲੀ,ਜ਼ੋਨ ਇੰਚਾਰਜ ਦਰਸਨ ਸਿੰਘ ਧਾਲੀਵਾਲ,ਗੁਰਮੇਲ ਸਿੰਘ ਬਾੜਾ, ਨਿਰਮਲਪ੍ਰੀਤ ਸਿੰਘ ਮੇਹਰਵਾਨ, ਯੂਥ ਆਗੂ ਕਰਨੈਲ ਸਿੰਘ ਜੀਤ, ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਮਾਸਟਰ ਗੁਰਦਿਆਲ ਸਿੰਘ, ਕੁਲਦੀਪ ਸਿੰਘ ਗਰੇਵਾਲ, ਹਲਕੇ ਦੇ ਅਬਜਰਵਰ ਰਾਕੇਸ ਸ਼ਰਮਾ ਦਿੱਲੀ, ਨਰਿੰਦਰ ਸਿੰਘ ਰੰਮਾ, ਕਮਲਜੀਤ ਸਿੰਘ ਮਾਨ ਸੀ.ਮੀਤ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ, ਸੁਰਜੀਤ ਸਿੰਘ ਮਾਵੀ,ਬਲਜੀਤ ਸਿੰਘ ਨੱਤ, ਐਨ.ਪੀ.ਰਾਣਾ,ਗੁਰਚਰਨ ਸਿੰਘ ਮਾਣੇਮਾਜਰਾ, ਬਰਿੰਦਰ ਸਿੰਘ, ਨਿਰਮਲ ਸਿੰਘ, ਗਗਨਪ੍ਰੀਤ ਸਿੰਘ ਹਾਜ਼ਰ ਸਨ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman