ਜੰਗ ਹਿੰਦ ਪੰਜਾਬ ਦਾ ਹੋਣ ਲੱਗਾ

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ

January 11, 2017 11:12 PM

ਜਿਸ ਤਰ੍ਹਾਂ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕੀਤਾ ਗਿਆ ਅਤੇ ਇਸ ਵਿਰੁਧ ਆਵਾਜ਼ ਉਠਾਉਣ ਵਾਲਿਆਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ ਅਤੇ ਕੁਝਨਾਂ ਵਿਰੁਧ ਝੂਠੇ ਕੇਸ ਦਰਜ ਕੀਤੇ ਗਏ, ਇਸ ਦੀ ਮਿਸਾਲ ਦੁਨੀਆਂ ਵਿਚ ਘੱਟ ਹੀ ਮਿਲਦੀ ਹੈ। ਇਸ ਅਨਿਆਂ ਵਿਰੁਧ ਕੁੱਝ ਸਿੱਖਾਂ ਨੇ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਵੀ ਦਿਤੇ। ਇਨ੍ਹਾਂ ਵਿਚੋਂ ਇਕ ਸਨ ਸ. ਰਮਨਦੀਪ ਸਿੰਘ ਸਿੱਕੀ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਐਮ.ਐਲ.ਏ. ਸਨ। ਉਨ੍ਹਾਂ ਦੇ ਅਸਤੀਫ਼ੇ ਕਾਰਨ ਖਡੂਰ ਸਾਹਿਬ ਹਲਕੇ ਵਿਚ 13 ਫ਼ਰਵਰੀ, 2016 ਨੂੰ ਮੁੜ ਐਮ.ਐਲ.ਏ. ਦੀ ਚੋਣ ਕਰਵਾਈ ਗਈ।
ਇਸ ਦਾ ਨਤੀਜਾ ਪਿਛਲੇ ਸਾਲ 16 ਫ਼ਰਵਰੀ ਨੂੰ ਆਇਆ। ਇਸ ਨਤੀਜੇ ਬਾਰੇ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਸੀਟ ਅਕਾਲੀ ਦਲ ਜਿੱਤੇਗਾ ਕਿਉਂਕਿ ਕਾਂਗਰਸ ਅਤੇ 'ਆਪ' ਵਲੋਂ ਚੋਣ ਦਾ ਬਾਈਕਾਟ ਕਰ ਦਿਤਾ ਗਿਆ ਸੀ। ਇਹ ਸੀਟ ਜਿੱਤਣ ਨਾਲ ਅਕਾਲੀ ਦਲ ਵਲੋਂ ਖ਼ੁਸ਼ ਹੋਣਾ ਕੁਦਰਤੀ ਸੀ। ਪਰ ਅਕਾਲੀ ਦਲ ਵਾਲੇ ਇਹ ਭੁਲ ਗਏ ਕਿ ਜਿਥੇ ਪਹਿਲਾਂ ਇਸ ਹਲਕੇ ਵਿਚ 72% ਤੋਂ ਲੈ ਕੇ 82% ਤਕ ਵੋਟਾਂ ਪੈਂਦੀਆਂ ਹੁੰਦੀਆਂ ਸਨ, ਉਥੇ ਐਤਕੀਂ ਸਿਰਫ਼ 58% ਲੋਕਾਂ ਨੇ ਹੀ ਵੋਟਾਂ ਪਾਈਆਂ। ਅਖ਼ਬਾਰਾਂ ਵਿਚ ਛਪ ਚੁੱਕਾ ਹੈ ਕਿ ਬਹੁਤੇ ਬੂਥਾਂ ਉਤੇ ਕੋਈ ਪੋਲਿੰਗ ਏਜੰਟ ਹੀ ਨਹੀਂ ਸੀ ਜਿਸ ਕਰ ਕੇ ਅਕਾਲੀ ਵਰਕਰਾਂ ਨੂੰ ਜਾਅਲੀ ਵੋਟਾਂ ਭੁਗਤਾਉਣ ਦਾ ਖੁੱਲ੍ਹਾ ਮੌਕਾ ਮਿਲਿਆ, ਨਹੀਂ ਤਾਂ ਇਹ ਅੰਕੜਾ ਕਾਫ਼ੀ ਥੱਲੇ ਹੋਣਾ ਸੀ।
ਇਸ ਚੋਣ ਦੇ ਨਤੀਜੇ ਤੋਂ ਬਾਅਦ ਅਕਾਲੀ ਲੀਡਰਾਂ ਵਲੋਂ ਇਹ ਵੀ ਕਿਹਾ ਗਿਆ ਕਿ '2017 ਦੀਆਂ ਚੋਣਾਂ ਵਿਚ ਵੀ ਅਸੀਂ ਹੀ ਜਿੱਤਾਂਗੇ ਕਿਉਂਕਿ ਇਸ ਚੋਣ ਵਿਚ ਲੋਕਾਂ ਨੇ ਸਾਡੇ ਵਿਕਾਸ ਨੂੰ ਵੇਖ ਕੇ ਹੀ ਵੋਟਾਂ ਪਾਈਆਂ ਹਨ।' ਇਹ ਵੀ ਕਿਹਾ ਗਿਆ ਕਿ 'ਇਹ ਸਾਡਾ ਸੈਮੀਫ਼ਾਈਨਲ ਸੀ' ਪਰ ਅਕਾਲੀ ਲੀਡਰ ਇਹ ਗੱਲ ਭੁੱਲ ਗਏ ਕਿ ਇਹੋ ਜਿਹੇ ਸੈਮੀਫ਼ਾਈਨਲ ਵਿਚ ਜਿੱਤੇ ਲੋਕ ਫ਼ਾਈਨਲ ਵਿਚ ਜਾ ਕੇ ਬੁਰੀ ਤਰ੍ਹਾਂ ਹਾਰਦੇ ਰਹੇ ਹਨ। ਅਜਿਹੀ ਇਕ ਮਿਸਾਲ 2006 ਦੀ ਹੈ ਜਦੋਂ ਅਜਨਾਲਾ ਹਲਕੇ ਦੀ ਜ਼ਿਮਨੀ ਚੋਣ ਹੋਈ ਤਾਂ ਉਸ ਵੇਲੇ ਪੰਜਾਬ ਵਿਚ ਕੈਪਟਨ ਸਾਹਿਬ ਦਾ ਰਾਜ ਸੀ। ਕਾਂਗਰਸ ਵਲੋਂ ਉਦੋਂ ਸ. ਹਰਪ੍ਰਤਾਪ ਸਿੰਘ ਅਜਨਾਲਾ ਚੋਣ ਲੜ ਰਹੇ ਸਨ ਜਿਹੜੇ 40 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤੇ। ਉਦੋਂ ਕੈਪਟਨ ਸਾਹਿਬ ਕਹਿਣ ਲੱਗੇ ਕਿ 'ਅਸੀ ਸੈਮੀਫ਼ਾਈਨਲ ਜਿਤ ਲਿਐ, ਇਸ ਵਾਸਤੇ ਅਗਲੀ ਸਰਕਾਰ ਵੀ ਸਾਡੀ ਬਣੇਗੀ।' ਪਰ ਜਦੋਂ 2007 ਵਿਚ ਆਮ ਚੋਣ ਹੋਈ ਤਾਂ ਅਜਨਾਲਾ ਜੀ ਕਈ ਹਜ਼ਾਰ ਵੋਟਾਂ ਨਾਲ ਹਾਰ ਗਏ ਅਤੇ ਨਾ ਹੀ 2007 ਵਿਚ ਕੈਪਟਨ ਸਾਹਿਬ ਦੀ ਸਰਕਾਰ ਬਣ ਸਕੀ। ਜਦੋਂ 2014 ਵਿਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਦਿੱਲੀ ਦੀਆਂ 7 ਸੀਟਾਂ ਬੀ.ਜੇ.ਪੀ. ਭਾਰੀ ਬਹੁਗਿਣਤੀ ਨਾਲ ਜਿੱਤੀ, ਜਿਸ ਕਾਰਨ ਬੀ.ਜੇ.ਪੀ. ਵਲੋਂ ਕਹਿਣਾ ਸ਼ੁਰੂ ਕਰ ਦਿਤਾ ਗਿਆ ਕਿ ਦਿੱਲੀ ਵਿਚ ਅਗਲੀ ਸਰਕਾਰ ਸਾਡੀ ਹੀ ਬਣੇਗੀ। ਪਰ ਜਦੋਂ 2015 ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ 70 ਸੀਟਾਂ ਵਿਚੋਂ ਬੀ.ਜੇ.ਪੀ. ਨੂੰ ਸਿਰਫ਼ 3 ਸੀਟਾਂ ਹੀ ਮਿਲੀਆਂ। ਇਸੇ ਤਰ੍ਹਾਂ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਵੇਲੇ ਬਿਹਾਰ ਵਿਚ ਬੀ.ਜੇ.ਪੀ. ਨੇ ਭਾਰੀ ਜਿੱਤ ਪ੍ਰਾਪਤ ਕੀਤੀ। ਪਰ 2015 ਵਿਚ ਜਦੋਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਜੋ ਹਾਲ ਬੀ.ਜੇ.ਪੀ. ਦਾ ਹੋਇਆ, ਉਹ ਸੱਭ ਦੇ ਸਾਹਮਣੇ ਹੈ।
ਜਿਹੜੇ ਅਕਾਲੀ ਲੀਡਰ ਕਹਿ ਰਹੇ ਹਨ ਕਿ 'ਅਸੀ 2017 ਦੀਆਂ ਚੋਣਾਂ ਵਿਕਾਸ ਦੇ ਨਾਮ ਉਤੇ ਲੜਾਂਗੇ' ਉਹ ਇਸ ਵਿਕਾਸ ਦੀਆਂ ਗੱਲਾਂ ਤਾਂ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਕਰਦੇ ਸਨ। ਬਾਅਦ ਵਿਚ ਮੋਦੀ ਸਾਹਿਬ ਦੇ ਨਾਮ ਦਾ ਵਾਸਤਾ ਪਾਉਣ ਲੱਗ ਪਏ। ਇਨ੍ਹਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ 'ਆਪ' ਦਾ ਜਿਸ ਕਾਰਨ ਇਹ ਚਾਰ ਸੀਟਾਂ ਲੈ ਗਏ। ਕੀ ਪੰਜਾਬ ਵਿਚ ਇਹ ਵਿਕਾਸ ਹੋਇਆ ਕਿ ਪੰਜਾਬ ਦੇ ਨੌਜਵਾਨ ਚਿੱਟੇ ਦੇ ਨਸ਼ਈ ਬਣਾ ਦਿਤੇ ਗਏ? ਇਹ ਵਿਕਾਸ ਹੋਇਆ ਕਿ ਜਿਹੜਾ ਰੇਤਾ ਲੋਕਾਂ ਨੂੰ ਮੁਫ਼ਤ ਮਿਲਦਾ ਸੀ ਉਹ ਪੰਜਾਬ ਵਿਚ ਸੋਨੇ ਦੇ ਭਾਅ ਵਿਕਣ ਲੱਗ ਪਿਆ। ਅੱਜ ਪੰਜਾਬ ਵਿਚ ਨਸ਼ਾ ਮਾਫ਼ੀਆ, ਰੇਤਾ ਮਾਫ਼ੀਆ, ਬਜਰੀ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਭੌਂ ਮਾਫ਼ੀਆ, ਸਿਖਿਆ ਮਾਫ਼ੀਆ ਸਾਰੇ ਪੰਜਾਬ ਵਿਚ ਰਾਜ ਕਰ ਰਿਹਾ ਹੈ, ਜਿਸ ਕਰ ਕੇ ਪੰਜਾਬ ਦੀ ਜਨਤਾ ਤਰਾਹ-ਤਰਾਹ ਕਰ ਰਹੀ ਹੈ। ਕੀ ਇਹ ਵਿਕਾਸ ਹੋਇਆ ਕਿ ਅੱਜ ਪੰਜਾਬ ਦੇ ਸਕੂਲਾਂ ਵਿਚ 30 ਹਜ਼ਾਰ ਮਾਸਟਰਾਂ ਦੀਆਂ ਆਸਾਮੀਆਂ ਖ਼ਾਲੀ ਪਈਆਂ ਹਨ? ਮੇਰੇ ਅਪਣੇ ਪਿੰਡ ਦੀ ਮਿਸਾਲ ਹੈ ਜਿਥੇ 32 ਆਸਾਮੀਆਂ ਹਨ ਤੇ ਸਿਰਫ਼ 14 ਅਧਿਆਪਕ ਹੀ ਪੜ੍ਹਾ ਰਹੇ ਹਨ। ਹਿਸਾਬ ਅਤੇ ਸਾਇੰਸ ਵਿਸ਼ੇ ਦਾ ਕੋਈ ਅਧਿਆਪਕ ਹੀ ਨਹੀਂ ਹੈ।
ਪਿੰਡਾਂ ਦੀਆਂ ਸੜਕਾਂ ਵਿਚ ਵੱਡੇ-ਵੱਡੇ ਟੋਏ ਹਨ ਜਿਸ ਕਾਰਨ ਰੋਜ਼ਾਨਾ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਜਿਸ ਤਰ੍ਹਾਂ ਮਾਲਵੇ ਵਿਚ ਚਿੱਟੀ ਮੱਖੀ ਨੇ ਸਾਰਾ ਨਰਮਾ ਖਾ ਲਿਆ ਪਰ ਜਿਨ੍ਹਾਂ ਨੇ ਨਕਲੀ ਦਵਾਈਆਂ ਖ਼ਰੀਦਣ ਵਿਚ ਮੋਟਾ ਕਮਿਸ਼ਨ ਖਾਧਾ ਉਨ੍ਹਾਂ ਨੂੰ ਕੀ ਹੋਇਆ? ਜਿਹੜੀ ਬਾਸਮਤੀ ਕਿਸਾਨਾਂ ਨੇ ਕਈ ਸਾਲ ਪਹਿਲਾਂ 4500 ਰੁਪਏ ਨੂੰ ਵੇਚੀ ਉਹ 1500 ਰੁਪਏ ਨੂੰ ਵੇਚਣ ਲਈ ਮਜਬੂਰ ਹੋਏ ਜਿਸ ਕਾਰਨ ਕਈ ਕਿਸਾਨ ਕਰਜ਼ੇ ਦੀ ਮਾਰ ਥੱਲੇ ਆ ਗਏ ਹਨ ਅਤੇ ਉਹ ਰੋਜ਼ਾਨਾ ਆਤਮਹਤਿਆ ਕਰ ਰਹੇ ਹਨ। ਮੈਡੀਕਲ ਕਾਲਜਾਂ ਵਿਚ ਪੜ੍ਹਾਉਣ ਲਈ ਪ੍ਰੋਫ਼ੈਸਰ ਨਹੀਂ ਹਨ। ਕਈ ਲੱਖ ਪੰਜਾਬ ਵਿਚ ਆਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਜਿਸ ਕਾਰਨ ਲੋਕ ਅਪਣੇ ਕੰਮ ਕਰਾਉਣ ਲਈ ਖੱਜਲ ਖੁਆਰ ਹੋ ਰਹੇ ਹਨ।
ਜਿਹੜਾ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚ ਚਾਰ ਮਾਰਗੀ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਸ ਵਿਚ ਪੰਜਾਬ ਦਾ ਕੀ ਯੋਗਦਾਨ ਹੈ? ਇਹ ਤਾਂ ਸਾਰੇ ਦੇਸ਼ ਵਿਚ ਬਣ ਰਹੀਆਂ ਹਨ। ਸੱਭ ਤੋਂ ਜ਼ਿਆਦਾ ਹਰਿਆਣੇ ਵਿਚ ਬਣ ਰਹੀਆਂ ਹਨ ਕਿਉਂਕਿ ਆਵਾਜਾਈ ਅਤੇ ਜਹਾਜ਼ਰਾਨੀ ਮੰਤਰੀ ਹਰਿਆਣਾ ਦਾ ਹੈ। ਜਿਹੜੇ ਚਾਰ ਮਾਰਗੀ ਪ੍ਰਾਜੈਕਟ ਚਲ ਵੀ ਰਹੇ ਹਨ ਉਹ ਵੀ ਅਧੂਰੇ ਹਨ। ਢਿਲਵਾਂ, ਜਲੰਧਰ, ਮੋਗਾ, ਲੁਧਿਆਣੇ, ਪਾਣੀਪਤ, ਜਲੰਧਰ ਆਦਿ ਆਦਿ।
ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਕਿਹਾ ਜਾਂਦਾ ਸੀ ਜਿਸ ਕਾਰਨ ਸਿੱਖ ਵੱਡੀ ਗਿਣਤੀ ਵਿਚ ਅਕਾਲੀ ਉਮੀਦਵਾਰਾਂ ਨੂੰ ਵੋਟਾਂ ਪਾਉਂਦੇ ਸਨ। ਉਸ ਅਕਾਲੀ ਦਲ ਨੂੰ ਖ਼ਤਮ ਕਰ ਦਿਤਾ ਗਿਆ ਹੈ। ਜਿੰਨਾ ਨੁਕਸਾਨ ਵੋਟਾਂ ਖ਼ਾਤਰ ਅਕਾਲੀ ਦਲ ਦੇ ਲੀਡਰਾਂ ਨੇ ਸਿੱਖੀ ਦਾ ਕੀਤਾ ਹੈ ਓਨਾ ਨੁਕਸਾਨ ਤਾਂ ਔਰੰਗਜ਼ੇਬ ਅਤੇ ਜ਼ਕਰੀਆ ਖ਼ਾਨ ਆਦਿ ਵਰਗੇ ਜ਼ਾਲਮ ਰਾਜੇ ਵੀ ਨਹੀਂ ਕਰ ਸਕੇ। ਜਿਥੇ ਕਾਂਗਰਸ, ਔਰੰਗਜ਼ੇਬ ਜਾਂ ਇਹੋ ਜਿਹੇ ਹਾਕਮ ਰਾਜਿਆਂ ਨੇ ਸਿੱਖਾਂ ਨੂੰ ਸਰੀਰਕ ਰੂਪ ਵਿਚ ਖ਼ਤਮ ਕੀਤਾ, ਉਥੇ ਅਕਾਲੀ ਦਲ ਨੇ ਸਿੱਖੀ ਦੇ ਸਿਧਾਂਤ ਹੀ ਖ਼ਤਮ ਕਰ ਦਿਤੇ। ਸਿੱਖਾਂ ਦੀਆਂ ਸੈਂਕੜੇ ਸਾਲਾਂ ਤੋਂ ਚਲਦੀਆਂ ਰਵਾਇਤਾਂ ਨੂੰ ਖ਼ਤਮ ਕਰਨ ਲਈ ਜਿਸ ਤਰ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਵਰਤਿਆ ਗਿਆ ਅਤੇ ਉਨ੍ਹਾਂ ਤੋਂ ਅਪਣੀ ਮਰਜ਼ੀ ਮੁਤਾਬਕ ਫ਼ੈਸਲੇ ਕਰਵਾਏ ਗਏ, ਉਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ। ਤਖ਼ਤਾਂ ਦੇ ਪੁਜਾਰੀਆਂ ਨੂੰ ਪਿੰਜਰੇ ਦੇ ਪੰਛੀ ਬਣਾ ਦਿਤਾ ਗਿਆ ਹੈ ਜਿਸ ਕਾਰਨ ਸਿੱਖ ਹੀ ਸਿੱਖ ਦਾ ਦੁਸ਼ਮਣ ਬਣ ਗਿਆ ਹੈ। ਸਿੱਖਾਂ ਨੂੰ ਕੁਟਿਆ ਵੀ ਜਾ ਰਿਹਾ ਹੈ ਅਤੇ ਰੋਣ ਵੀ ਨਹੀਂ ਦਿਤਾ ਜਾਂਦਾ। ਜੇਕਰ ਕੋਈ ਸਿੱਖੀ ਦੀ ਗੱਲ ਕਰਦਾ ਹੈ ਤਾਂ ਉਸ ਉਤੇ ਦੇਸ਼ਧ੍ਰੋਹੀ ਦਾ ਕੇਸ ਪਾ ਕੇ ਉਸ ਨੂੰ ਜੇਲ ਪਹੁੰਚਾ ਦਿਤਾ ਜਾਂਦਾ ਹੈ।
2017 ਦੀਆਂ ਚੋਣਾਂ ਜਿੱਤਣ ਲਈ ਕਾਂਗਰਸ ਪਾਰਟੀ ਵੀ ਅਪਣਾ ਪੂਰਾ ਜ਼ੋਰ ਲਾ ਰਹੀ ਹੈ ਪਰ ਇਹ ਉਹੋ ਕਾਂਗਰਸ ਹੈ ਜਿਸ ਨੇ 1947 ਤੋਂ ਪਹਿਲਾਂ ਸਿੱਖਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ। ਇਥੋਂ ਤਕ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਕ ਵਖਰਾ ਖਿੱਤਾ ਦਿਤਾ ਜਾਵੇਗਾ ਜਿਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਪਰ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਸਰਟੀਫ਼ੀਕੇਟ ਦਿਤਾ ਗਿਆ। ਪੰਜਾਬ ਦਾ ਪਾਣੀ ਖੋਹ ਕੇ ਦੂਸਰੇ ਰਾਜਾਂ ਨੂੰ ਦੇ ਦਿਤਾ ਗਿਆ। ਪੰਜਾਬ ਦੀ ਰਾਜਧਾਨੀ ਖੋਹ ਲਈ ਗਈ। ਫ਼ੌਜ ਵਿਚ ਸਿੱਖਾਂ ਦੀ ਗਿਣਤੀ ਘੱਟ ਕਰ ਦਿਤੀ ਗਈ। ਕਾਂਗਰਸ ਨੇ ਕਦੇ ਵੀ ਸਾਡੀ ਮਾਤ ਭਾਸ਼ਾ ਪੰਜਾਬੀ ਨੂੰ ਬਣਦਾ ਸਤਿਕਾਰ ਨਹੀਂ ਦਿਤਾ। ਸਿੱਖਾਂ ਨੂੰ ਅਪਣੇ ਹੀ ਦੇਸ਼ ਵਿਚ ਦੂਜੇ ਦਰਜੇ ਦੇ ਸ਼ਹਿਰੀ ਬਣਾ ਦਿਤਾ ਗਿਆ। ਕਾਂਗਰਸ ਦੀਆਂ ਸਿੱਖਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦੀ ਸੂਚੀ ਬਹੁਤ ਲੰਮੀ ਹੈ।
ਜਦੋਂ ਸਿੱਖਾਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਮੋਰਚਾ ਲਾਇਆ ਤਾਂ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਸੱਭ ਤੋਂ ਪਵਿੱਤਰ ਅਸਥਾਨ ਉਤੇ ਫ਼ੌਜ ਨਾਲ ਹਮਲਾ ਕਰ ਦਿਤਾ। ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰ ਦਿਤਾ ਗਿਆ। ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਜੋ ਕੁੱਝ 1984 ਨਵੰਬਰ ਵਿਚ ਹੋਇਆ ਉਹ ਕਿਸੇ ਨੂੰ ਭੁਲਿਆ ਨਹੀਂ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿਤਾ ਗਿਆ। ਗੱਲ ਕਾਹਦੀ ਕਿ ਕਾਂਗਰਸ ਵਲੋਂ ਸਿੱਖਾਂ ਉਤੇ ਬੇਹੱਦ ਜ਼ੁਲਮ ਕੀਤੇ ਗਏ। ਅੱਜ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲਾਂ ਵਿਚ ਸੜ ਰਹੇ ਹਨ। ਅੱਜ ਤੋਂ 10 ਸਾਲ ਪਹਿਲਾਂ ਵੀ ਤਾਂ ਪੰਜਾਬ ਵਿਚ ਕਾਂਗਰਸ ਦਾ ਪੰਜ ਸਾਲ ਰਾਜ ਰਿਹਾ। ਉਦੋਂ ਵੀ ਹੱਕ ਮੰਗਦੀਆਂ ਬੀਬੀਆਂ ਨੂੰ ਗੁੱਤਾਂ ਤੋਂ ਫੜ ਕੇ ਧੂਹਿਆ ਗਿਆ। ਸਿੱਖਾਂ ਦੀਆਂ ਪੱਗਾਂ ਨੂੰ ਪੈਰਾਂ ਵਿਚ ਰੋਲਿਆ ਗਿਆ। ਅੱਜ ਵੀ ਇਹੋ ਕੁੱਝ ਹੋ ਰਿਹਾ ਹੈ। ਸਿਰਫ਼ ਕੈਪਟਨ ਸਾਹਿਬ ਨੇ ਇਕ ਕੰਮ ਚੰਗਾ ਕੀਤਾ ਕਿ ਪੰਜਾਬ ਦੇ ਪਾਣੀਆਂ ਸਬੰਧੀ ਫ਼ੈਸਲੇ ਰੱਦ ਕਰ ਦਿਤੇ ਜਿਸ ਨਾਲ ਪੰਜਾਬ ਨੂੰ ਕੁੱਝ ਸਾਹ ਆਇਆ।
ਜੇਕਰ ਅਸੀ ਬੀ.ਜੇ.ਪੀ. ਦੀ ਗੱਲ ਕਰੀਏ ਤਾਂ ਬੀ.ਜੇ.ਪੀ. (ਪਹਿਲਾਂ ਜਨਸੰਘ) ਨੇ ਹਮੇਸ਼ਾ ਪੰਜਾਬ ਦੀਆਂ ਮੰਗਾਂ ਦਾ ਵਿਰੋਧ ਕੀਤਾ। ਭਾਵੇਂ ਉਹ ਪੰਜਾਬੀ ਸੂਬਾ ਬਣਾਉਣ ਦੀ ਮੰਗ ਹੋਵੇ, ਚੰਡੀਗੜ੍ਹ ਦੀ ਗੱਲ ਹੋਵੇ ਜਾਂ ਪੰਜਾਬੀ ਮਾਤ ਭਾਸ਼ਾ ਪੰਜਾਬ ਵਿਚ ਲਾਗੂ ਕਰਨ ਦੀ ਗੱਲ ਹੋਵੇ। ਜਦੋਂ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਟੀ ਬਣਾਉਣ ਲੱਗੇ ਤਾਂ ਜਨਸੰਘ ਨੇ ਡਟ ਕੇ ਵਿਰੋਧ ਕੀਤਾ ਸੀ। ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਟੀ ਬਣਾਉਣ ਦਾ ਵੀ ਵਿਰੋਧ ਕੀਤਾ। 1961 ਦੀ ਮਰਦਮਸ਼ੁਮਾਰੀ ਵੇਲੇ ਪੰਜਾਬ ਦੇ ਹਿੰਦੂਆਂ ਨੇ ਪੰਜਾਬੀ ਵਿਚ ਬੋਲ ਕੇ ਅਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ। ਅੱਜ ਵੀ ਪੰਜਾਬ ਵਿਚ ਜਿੰਨੀਆਂ ਵੀ ਰੈਲੀਆਂ ਹੁੰਦੀਆਂ ਹਨ ਉਨ੍ਹਾਂ ਵਾਸਤੇ ਛਾਪੀ ਜਾਂਦੀ ਸਾਰੀ ਪ੍ਰਚਾਰ ਸਮੱਗਰੀ ਹਿੰਦੀ ਵਿਚ ਹੁੰਦੀ ਹੈ। ਬੀ.ਜੇ.ਪੀ. ਦੇ ਸੱਭ ਤੋਂ ਵੱਡੇ ਲੀਡਰ ਸ੍ਰੀ ਐਲ.ਕੇ. ਅਡਵਾਨੀ ਨੇ ਅਪਣੀ ਕਿਤਾਬ ਵਿਚ ਲਿਖਿਆ ਹੈ ਕਿ ਦਰਬਾਰ ਸਾਹਿਬ ਉਤੇ ਹਮਲਾ ਕਰਾਉਣ ਵਾਸਤੇ ਹੱਲਾਸ਼ੇਰੀ ਉਨ੍ਹਾਂ ਨੇ ਦਿਤੀ ਸੀ। ਇਥੋਂ ਤਕ ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿਤਾ ਗਿਆ। ਬੀ.ਜੇ.ਪੀ. ਦਾ ਪੰਜਾਬ ਨਾਲ ਅਜੇ ਵੀ ਵਿਰੋਧ ਜਾਰੀ ਹੈ ਭਾਵੇਂ ਉਹ ਪੰਜਾਬ ਸਰਕਾਰ ਵਿਚ ਖ਼ੂਬ ਮੌਜਾਂ ਲੁੱਟ ਰਹੀ ਹੈ।
ਜਦੋਂ 2014 ਲੋਕ ਸਭਾ ਦੀਆਂ ਚੋਣਾਂ ਲੜੀਆਂ ਜਾ ਰਹੀਆਂ ਸਨ ਤਾਂ ਉਸ ਵੇਲੇ ਅਕਾਲੀ ਪਾਰਟੀ ਵਲੋਂ ਇਕ ਵੱਡੀ ਰੈਲੀ ਫ਼ਰੀਦਕੋਟ ਦੇ ਅਜਿਤਵਾਲ ਵਿਚ ਕੀਤੀ ਗਈ। ਉਸ ਵਿਚ ਪ੍ਰਧਾਨ ਮੰਤਰੀ ਉਮੀਦਵਾਰ ਸ੍ਰੀ ਮੋਦੀ ਵੀ ਸ਼ਾਮਲ ਹੋਏ। ਪੰਜਾਬ ਦੇ ਮੁੱਖ ਮੰਤਰੀ ਬਾਦਲ ਸਾਹਿਬ ਵਲੋਂ ਮੋਦੀ ਸਾਹਿਬ ਨੂੰ ਸਿੱਖੀ ਦੀ ਸ਼ਾਨ ਦਸਤਾਰ ਪਹਿਨਾਈ ਗਈ। ਰੈਲੀ ਵਿਚ ਮੋਦੀ ਸਾਹਿਬ ਨੇ ਬੋਲਦਿਆਂ ਕਿਹਾ ਕਿ 'ਮੈਂ ਇਸ ਦਸਤਾਰ ਦਾ ਮੁੱਲ ਜ਼ਰੂਰ ਮੋੜਾਂਗਾ। ਮੈਂ ਇਸ ਦਾ ਸਤਿਕਾਰ ਕਰਾਂਗਾ।' ਪਰ ਅੱਜ ਉਹ ਦਸਤਾਰ ਪੈਰਾਂ ਵਿਚ ਰੁਲਦੀ ਦਿਸਦੀ ਹੈ। ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਇਹ ਕਹਿੰਦੇ ਨਹੀਂ ਥਕਦੇ ਸਨ ਕਿ 'ਬੀ.ਜੇ.ਪੀ. ਸਰਕਾਰ ਬਣ ਲੈਣ ਦਿਉ ਪੰਜਾਬ ਲਈ ਦਿੱਲੀ ਤੋਂ ਟਰੱਕ ਭਰ-ਭਰ ਕੇ ਪੈਸੇ ਆਉਣਗੇ।' ਪਰ ਹਾਲ ਇਹ ਹੈ ਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਪੈਸੇ ਤਾਂ ਕੀ ਆਉਣੇ ਸਨ ਸਗੋਂ ਜਿਹੜੇ ਡਾ. ਮਨਮੋਹਨ ਸਿੰਘ ਨੇ ਫ਼ੰਡ ਦਿਤੇ ਸਨ, ਉਸ ਦਾ ਹਿਸਾਬ ਮੰਗਣ ਲੱਗ ਪਏ। ਇਹ ਕੀਤਾ ਗਿਆ ਦਸਤਾਰ ਦਾ ਸਤਿਕਾਰ। ਇਥੇ ਹੀ ਬਸ ਨਹੀਂ ਸਗੋਂ ਪੰਜਾਬ ਵਿਚ ਹਿੰਦੂਵਾਦ ਨੂੰ ਤਕੜਾ ਕਰਨ ਲਈ ਆਰ.ਐਸ.ਐਸ. ਦੇ ਮੁਖੀ ਵਲੋਂ ਪੰਜਾਬ ਦੇ ਡੇਰਿਆਂ ਦੇ ਚੇਲਿਆਂ ਨੂੰ ਅਪਣੇ ਨਾਲ ਰਲਾਉਣ ਲਈ ਪੰਜਾਬ ਦੇ ਦੌਰੇ ਸ਼ੁਰੂ ਕਰ ਦਿਤੇ ਗਏ। ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਅਕਾਲੀ ਲੀਡਰ ਇਹ ਭੁੱਲ ਗਏ ਹਨ ਕਿ ਸੱਪਾਂ ਨੂੰ ਦੁੱਧ ਪਿਆਉਣ ਨਾਲ ਸੱਪ ਮਿੱਤਰ ਨਹੀਂ ਬਣ ਜਾਂਦੇ।
ਪੰਜਾਬ ਦੇ ਲੋਕ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਤੋਂ ਬੇਹੱਦ ਦੁਖੀ ਹਨ, ਜਿਸ ਦਾ ਪ੍ਰਗਟਾਵਾ ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਕੀਤਾ। 2014 ਦੀਆਂ ਚੋਣਾਂ ਤੋਂ ਪਹਿਲਾਂ ਇਕ ਨਵੀਂ ਪਾਰਟੀ 'ਆਪ' (ਆਮ ਆਦਮੀ ਪਾਰਟੀ) ਬਣ ਗਈ ਜਿਸ ਨੇ ਸਾਰੇ ਦੇਸ਼ ਵਿਚ ਅਪਣੇ ਉਮੀਦਵਾਰ ਖੜੇ ਕੀਤੇ। ਸਾਰੇ ਦੇਸ਼ ਵਿਚ ਇਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਪੰਜਾਬ ਵਿਚ ਇਹ ਪਾਰਟੀ 4 ਸੀਟਾਂ ਜਿੱਤ ਗਈ ਅਤੇ 4 ਸੀਟਾਂ ਬਹੁਤ ਘੱਟ ਵੋਟਾਂ ਨਾਲ ਹਾਰੀ। ਚਾਹੀਦਾ ਤਾਂ ਇਹ ਸੀ ਕਿ ਇਹ ਚਾਰ ਮੈਂਬਰ ਇਕੱਠੇ ਰਹਿੰਦੇ ਅਤੇ ਪੰਜਾਬ ਦੀ ਲੋਕ ਸਭਾ ਵਿਚ ਆਵਾਜ਼ ਬਣ ਕੇ ਉਭਰਦੀ। ਪਰ ਹੋਇਆ ਇਹ ਕਿ ਇਹ ਚਾਰ ਵੀ ਇਕੱਠੇ ਨਾ ਰਹੇ। ਦੋ ਇਕ ਪਾਸੇ ਹਨ ਅਤੇ ਦੋ ਇਕ ਪਾਸੇ। ਇਹ ਚਾਰੇ ਮੈਂਬਰ ਭਾਵੇਂ ਕੋਈ ਖ਼ਾਸ ਮਾਅਰਕਾ ਨਹੀਂ ਮਾਰ ਸਕੇ ਪਰ ਫਿਰ ਵੀ ਅੱਜ ਪੰਜਾਬ ਦੇ ਲੋਕਾਂ ਦਾ ਇਸ ਪਾਰਟੀ ਨਾਲ ਮੋਹ ਵੱਧ ਰਿਹਾ ਹੈ, ਖ਼ਾਸ ਕਰ ਕੇ ਜਿਹੜੀ ਕੇਜਰੀਵਾਲ ਦਾ ਧੜਾ ਹੈ। ਇਹ ਕਹਿ ਲਿਆ ਜਾਵੇ ਕਿ ਅੱਜ ਪੰਜਾਬ ਵਿਚ 'ਆਪ' ਪਾਰਟੀ ਇਕ ਵੱਡੀ ਧਿਰ ਵੀ ਉੱਭਰ ਚੁੱਕੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਅਫ਼ਸੋਸ ਵਾਲੀ ਇਹ ਗੱਲ ਹੈ ਕਿ ਇਸ ਪਾਰਟੀ ਵਲੋਂ ਇਹ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਪੰਜਾਬ ਵਿਚ ਕੋਈ ਪਗੜੀਧਾਰੀ ਹੀ ਮੁੱਖ ਮੰਤਰੀ ਬਣੇ। ਜਿਹੜਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ। ਇਸ ਪਾਰਟੀ ਬਾਰੇ ਪਹਿਲਾਂ ਹੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਪਾਰਟੀ ਪੰਜਾਬ ਵਿਚ ਟੋਪੀ ਸਭਿਆਚਾਰ ਨੂੰ ਹੱਲਾਸ਼ੇਰੀ ਦੇ ਰਹੀ ਹੈ। ਲੇਖਕ ਨੂੰ ਇਹ ਲਿਖਣ ਵਿਚ ਇਹ ਕੋਈ ਝਿਜਕ ਨਹੀਂ ਕਿ ਇਹ ਟੋਪੀ ਪਹਿਲਾਂ ਹੀ ਸਿੱਖੀ ਵਿਚ ਬਹੁਤ ਪਤਿਤਪੁਣਾ ਫੈਲਾ ਚੁੱਕੀ ਹੈ। ਇਸ ਵਾਸਤੇ ਟੋਪੀ ਸਭਿਆਚਾਰ ਤੋਂ ਬਚਣ ਦੀ ਲੋੜ ਹੈ। ਇਸ ਨਾਲ ਪਾਰਟੀ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਇਸ ਤੋਂ ਇਹ ਸਿੱਟਾ ਕਢਿਆ ਜਾ ਸਕਦਾ ਹੈ ਕਿ 2017 ਦੀਆਂ ਹੋਣ ਵਾਲੀਆਂ ਚੋਣਾਂ ਦੀ ਸਿਆਸੀ ਜੰਗ ਅਜੇ ਬਾਕੀ ਹੈ ਜਿਹੜੀ ਕਿ ਪਹਿਲੀਆਂ ਚੋਣਾਂ ਤੋਂ ਬਿਲਕੁਲ ਵਖਰੀ ਹੈ। ਪਹਿਲਾਂ ਸਿਰਫ਼ 2 ਪਾਰਟੀਆਂ ਸਨ। ਐਤਕੀਂ ਤਿੰਨ ਪਾਰਟੀਆਂ ਤਾਂ ਮੈਦਾਨ ਵਿਚ ਆ ਚੁਕੀਆਂ ਹਨ ਅਤੇ ਚੌਥੀ ਪਾਰਟੀ ਪੰਥਕ ਜਥੇਬੰਦੀਆਂ ਦੀ ਤਿਆਰ ਹੋ ਰਹੀ ਹੈ।  ਇਸ ਵਾਸਤੇ ਆਖ਼ਰ ਵਿਚ ਕੀ ਨਤੀਜਾ ਆਵੇਗਾ, ਇਸ ਬਾਰੇ ਕੁੱਝ ਵੀ ਕਹਿਣਾ ਠੀਕ ਨਹੀਂ। ਬਾਕੀ ਸੀ.ਪੀ.ਆਈ., ਸੀ.ਪੀ.ਐਮ. ਅਤੇ ਬੀ.ਐਸ.ਪੀ. ਦਾ ਵੀ ਪੰਜਾਬ ਵਿਚ ਕਾਫ਼ੀ ਆਧਾਰ ਹੈ। ਜਿਹੜਾ ਰਵਾਇਤੀ ਪਾਰਟੀਆਂ ਵਲੋਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਕੇਡਰ ਹੈ, ਇਸ ਵਾਸਤੇ ਉਨ੍ਹਾਂ ਨੂੰ ਕੋਈ ਕੁੱਝ ਨਹੀਂ ਕਰ ਸਕਦਾ, ਤਾਂ ਨੋਟ ਕਰੋ ਕਿ ਜਦੋਂ ਹੜ੍ਹ ਆਉਂਦਾ ਹੈ ਤਾਂ ਵੱਡੇ-ਵੱਡੇ ਰੁਖ ਵੀ ਉਖੜ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਆਮ ਚੋਣਾਂ ਹੁੰਦੀਆਂ ਹਨ ਤਾਂ ਲੋਕਾਂ ਦਾ ਹੜ੍ਹ ਵੱਡੇ-ਵੱਡੇ ਨੇਤਾਵਾਂ ਨੂੰ ਧੂੜ ਚਟਾ ਦਿੰਦਾ ਹੈ, ਜਿਸ ਦਾ ਸਬੂਤ ਦਿੱਲੀ, ਬਿਹਾਰ ਅਤੇ ਪਹਿਲਾਂ ਹੋਈਆਂ ਚੋਣਾਂ ਤੋਂ ਮਿਲਦਾ ਹੈ। Ê ਸੰਪਰਕ : 94646-96083

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman