ਮੁੱਖ ਮੰਤਰੀ ਬਾਦਲ ਵਲ ਸੁੱਟੀ ਜੁੱਤੀ

ਮੁੱਖ ਮੰਤਰੀ ਬਾਦਲ ਵਲ ਸੁੱਟੀ ਜੁੱਤੀ

January 11, 2017 10:43 PM

ਲੰਬੀ/ ਰੱਤਾ ਖੇੜਾ, 11 ਜਨਵਰੀ (ਹਰਦੀਪ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਜੰਡੂ) : ਅੱਜ ਪੰਜਾਬ ਦੀ ਸਿਆਸਤ ਦੇ ਇਤਿਹਾਸ ਵਿਚ ਉਸ ਸਮੇਂ ਇਕ ਹੋਰ ਅਹਿਮ ਪੰਨਾ ਜੁੜ ਗਿਆ ਜਦ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਵਲ ਇਕ ਵਿਅਕਤੀ ਨੇ ਜੁੱਤੀ ਵਗਾਹ ਮਾਰੀ।  ਇਹ ਜੁੱਤੀ ਮੁੱਖ ਮੰਤਰੀ ਬਾਦਲ ਦੀ ਖੱਬੀ ਅੱਖ 'ਤੇ ਲੱਗੀ ਜਿਸ ਪਿਛੋਂ ਪੂਰੇ ਸੁਰੱਖਿਆ ਅਮਲੇ ਵਿਚ ਭਾਜੜ ਮਚ ਗਈ। ਜੁੱਤੀ ਮਾਰਨ ਵਾਲੇ ਦੀ ਪਛਾਣ ਗੁਰਬਚਨ ਸਿੰਘ ਵਜੋਂ ਹੋਈ ਹੈ।
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅੱਜ ਲੰਬੀ ਹਲਕੇ ਦੇ ਪਿੰਡਾਂ ਵਿਚ ਚਲ ਰਹੇ ਚੋਣ ਪ੍ਰਚਾਰ ਦੌਰਾਨ ਪਿੰਡ ਛੋਟਾ ਰੱਤਾ ਖੇੜਾ ਵਿਖੇ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਇਸ ਸੰਬੋਧਨ ਦੌਰਾਨ ਪੰਜਾਬ ਦੇ ਹੋਏ ਵਿਕਾਸ ਗਿਣਵਾਏ ਅਤੇ ਵਿਸ਼ੇਸ਼ ਕਰ ਕੇ ਜਦ ਕਾਂਗਰਸ ਪਾਰਟੀ ਬਾਰੇ ਕਿਹਾ ਕਿ ਇਸ ਪਾਰਟੀ ਨੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਹੈ। ਬਾਦਲ ਨੇ ਕਿਹਾ ਕਿ ਦਿੱਲੀ ਵਿਚ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਵੀ ਇਸ ਪਾਰਟੀ ਨੇ ਕਲੀਨ ਚਿੱਟ ਦੇ ਰੱਖੀ ਹੈ ਇਸ ਕਰ ਕੇ ਭੁੱਲ ਕੇ ਵੀ ਕਿਸੇ ਨੇ ਅਜਿਹੀ ਪਾਰਟੀ ਨੂੰ ਵੋਟ ਨਹੀ ਪਾਉਣੀ। ਇਸ ਦੌਰਾਨ ਹੀ ਉਕਤ ਗੁਰਬਚਨ ਸਿੰਘ ਖੜਾ ਹੋਇਆ ਤੇ ਕਿਹਾ ਕਿ ਬਾਦਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਦੋਸ਼ੀ ਤਾਂ ਹਾਲੇ ਤਕ ਨਹੀ ਫੜੇ ਗਏ ਤੇ ਸੁਖਬੀਰ ਬਾਦਲ ਦੇ ਕਾਫ਼ਲੇ 'ਤੇ ਵੱਟੇ ਸੁੱਟਣ ਵਾਲੇ 24 ਘੰਟਿਆ ਵਿਚ ਹੀ ਫੜ ਲਏ, ਕੀ ਇਹ ਧਰਮ ਦੀ ਬੇਅਦਬੀ ਨਹੀ।
ਇਸ ਪਿਛੋਂ ਉਸ ਨੇ ਅਚਾਨਕ ਜੁੱਤੀ ਲਾਹ ਕੇ ਮੁੱਖ ਮੰਤਰੀ ਵਲ ਵਗਾਹ ਮਾਰੀ ਜਿਹੜੀ ਉਨ੍ਹਾਂ ਦੀ ਐਨਕ 'ਤੇ ਜਾ ਲੱਗੀ। ਇਸ ਮਗਰੋਂ ਉਕਤ ਵਿਅਕਤੀ ਅਤੇ ਮੁੱਖ ਮੰਤਰੀ ਨੂੰ  ਸੁਰੱਖਿਆ ਮੁਲਾਜ਼ਮਾਂ ਨੇ ਤੁਰਤ ਘੇਰੇ ਵਿਚ ਲੈ ਲਿਆ। ਫੜੇ ਗਏ ਵਿਅਕਤੀ ਗੁਰਬਚਨ ਸਿੰਘ ਨੇ ਮੌਕੇ 'ਤੇ ਮੌਜੂਦ ਪੱਤਰਕਾਰਾਂ ਨੂੰ ਕਿਹਾ ਕਿ ਉਹ ਕਿਸੇ ਪਾਰਟੀ ਨਾਲ ਸਬੰਧ ਨਹੀ ਰੱਖਦਾ ਪਰ ਉਸ ਨੂੰ ਸਿੱਖੀ ਦਾ ਦਰਦ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾ ਤੋਂ ਉਹ ਬਹੁਤ ਦਰਦ ਵਿਚ ਹੈ ਅਤੇ ਉਸ ਨੂੰ ਅਪਣੇ ਇਸ ਕੀਤੇ ਕਾਰੇ ਦਾ ਕੋਈ ਦੁੱਖ ਨਹੀ ਹੈ।
ਇਸ ਵਿਅਕਤੀ ਨੂੰ ਜਦ ਪੁਲੀਸ ਲਿਜਾ ਰਹੀ ਸੀ ਤਾਂ ਪਿੰਡ ਵਾਸੀਆਂ ਨੇ ਪੁਲੀਸ ਨੂੰ ਵੀ ਰੋਕਿਆ ਅਤੇ ਉਕਤ ਵਿਅਕਤੀ ਨੂੰ ਫੜ ਕਿ ਨਾ ਲਿਜਾਣ ਦੀ ਜ਼ਿੱਦ ਕੀਤੀ ਪਰ ਫਿਰ ਕੁੱਝ ਰਾਜਨੀਤਕ ਆਗੂਆਂ ਦੇ ਵਿਚ ਪੈਣ ਉਪਰੰਤ ਇਸ ਵਿਅਕਤੀ ਨੂੰ ਪੁਲੀਸ ਅਣਦੱਸੀ ਥਾਂ 'ਤੇ ਲੈ ਗਈ। ਇਸ ਸਬੰਧੀ ਮੁੱਖ ਮੰਤਰੀ ਨਾਲ ਵੀ ਗੱਲਬਾਤ ਕਰਨੀ ਚਾਹੀ ਪਰ ਮੁੱਖ ਮੰਤਰੀ ਨੂੰ ਸੁਰੱਖਿਆ ਅਮਲੇ ਨੇ ਤੁਰਤ ਸਖ਼ਤ ਸੁਰੱਖਿਆ ਪਹਿਰੇ ਹੇਠ ਪਾਸੇ ਕਰ ਦਿਤਾ ਜਿਸ ਪਿਛੋਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman