ਨਾਵਲ 'ਅੰਧ ਕੂਪ' ਤੇ 'ਪੰਜਾਬੀ ਖੋਜ ਦਾ ਇਤਿਹਾਸ' ਕਿਤਾਬ ਜਾਰੀ

ਨਾਵਲ 'ਅੰਧ ਕੂਪ' ਤੇ 'ਪੰਜਾਬੀ ਖੋਜ ਦਾ ਇਤਿਹਾਸ' ਕਿਤਾਬ ਜਾਰੀ

January 11, 2017 10:25 PM

ਨਵੀਂ ਦਿੱਲੀ, 11 ਜਨਵਰੀ (ਅਮਨਦੀਪ ਸਿੰਘ): ਕੌਮਾਂਤਰੀ ਕਿਤਾਬ ਮੇਲੇ ਵਿਚ ਅੱਜ ਪੰਜਾਬੀ ਅਕਾਦਮੀ ਤੇ ਨੈਸ਼ਨਲ ਬੁੱਕ ਟਰੱਸਟ ਵਲੋਂ 'ਲਿਖਾਰੀ ਨੂੰ ਮਿਲੋ' ਲੜੀ ਅਧੀਨ ਪੰਜਾਬੀ ਦੀਆਂ ਦੋ ਪ੍ਰਸਿੱਧ ਸਾਹਿਤਕਾਰਾਂ ਚੰਦਨ ਨੇਗੀ ਤੇ ਕਵਿਤਰੀ ਸੁਖਵਿੰਦਰ ਅੰਮ੍ਰਿਤ ਨਾਲ ਕਰਵਾਈ ਗਈ ਮੁਲਾਕਾਤ ਦਰਸ਼ਕਾਂ ਦੀ ਸਾਹਿਤ ਪ੍ਰਤੀ ਖਿੱਚ ਹੋਰ ਵਧਾ ਗਈ।
ਇਥੋਂ ਦੇ ਪ੍ਰਗਤੀ ਮੈਦਾਨ ਦੇ ਹਾਲ ਨੰਬਰ 7 ਵਿਖੇ ਹੋਏ ਰੂ-ਬ-ਰੂ ਸਮਾਗਮ ਦੌਰਾਨ ਚੰਦਨ ਨੇਗੀ ਨੇ ਅਪਣੇ ਜੱਦੀ ਘਰ ਪੇਸ਼ਾਵਰ ਨਾਲ ਜੁੜੀਆਂ ਯਾਦਾਂ, 16 ਸਾਲ ਦੀ ਉਮਰੇ ਵਿਆਹ ਹੋਣ, ਫਿਰ ਵਿਆਹ ਪਿਛੋਂ ਐਫ਼.ਏ.ਪਾਸ ਕਰਨ ਤੋਂ ਲੈ ਕੇ ਅੰਦਰਲੀ ਪੀੜ੍ਹ ਨੂੰ ਕਾਗਜ਼ ਦੀ ਹਿੱਕ 'ਤੇ ਉਤਾਰਨ ਨਾਲ ਸਾਹਿਤਕ ਸਫ਼ਰ ਦੀ ਹੋਈ ਸ਼ੁਰੂਆਤ, ਵਣਜਾਰਾ ਬੇਦੀ, ਨਿਰਮਲ ਵਰਮਾ ਤੇ ਗੁਰਮੁਖ ਸਿੰਘ ਮੁਸਾਫ਼ਰ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ।
ਉਨ੍ਹਾਂ ਅਪਣੇ ਪ੍ਰਸਿੱਧ ਨਾਵਲਾਂ 'ਜਲ ਬਿਨ ਕੁੰਭ', 'ਕਲਰ ਕੇਰੀ ਛੱਪਰੀ' ਤੇ ਹੋਰ ਸਾਹਿਤਕ ਕ੍ਰਿਤਾਂ ਦਾ ਜ਼ਿਕਰ ਕਰਦਿਆਂ ਕਿਹਾ, “ਜਦੋਂ ਮਰਦ ਨੇ ਔਰਤ ਨੂੰ ਚਿਤਵਿਆ ਹੈ ਤਾਂ ਉਸਨੂੰ ਵੇਸ਼ਵਾ ਤੇ ਦੇਵੀ ਦੇ ਰੂਪ ਵਿਚ ਹੀ ਚਿਤਵਿਆ ਹੈ, ਪਰ ਜਦੋਂ ਔਰਤ (ਉਹ) ਔਰਤ ਨੂੰ ਚਿਤਾਵਦੀ ਹੈ, ਭਾਵ ਹਰਫ਼ਾਂ 'ਤੇ ਉਤਾਰਦੀ ਹੈ, ਤਾਂ ਉਹ ਉਸਨੂੰ ਉਸਦੇ ਅਸਲ ਰੂਪ, ਭਾਵੇਂ ਉਹ ਬੁਰੀ ਔਰਤ ਹੈ, ਜਾਂ ਚੰਗੀ,  ਦੇ ਰੂਪ 'ਚ ਹੀ ਚਿਤਵਦੀ ਹੈ।''
ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਅਪਣੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਰਾਹੀਂ ਸਮਾਜ ਵਿਚ ਔਰਤ ਨੂੰ ਦਬਾ ਕੇ, ਰੱਖਣ ਦੀ ਮਾਨਸਕਤਾ ਬਾਰੇ ਦਸਿਆ। ਅੰਮ੍ਰਿਤ ਨੇ ਦਸਿਆ ਕਿ ਕਿਸ ਤਰ੍ਹਾਂ ਉਸ ਦੇ ਮਾਪਿਆਂ ਨੇ ਉਸਨੂੰ 9 ਵੀਂ ਤੋਂ ਬਾਅਦ ਸਕੂਲੋਂ ਪੜ੍ਹਨੋਂ ਹਟਾ ਲਿਆ ਤੇ ਛੋਟੀ ਉਮਰੇ ਵਿਆਹ ਹੋਣ ਤੋਂ ਬਾਅਦ ਸਹੁਰੇ ਘਰ ਜਾ ਕੇ, ਜ਼ਿੱਦ ਕਰਨ ਕਰ ਕੇ, ਉਸ ਨੂੰ ਦਸਵੀਂ ਸਕੂਲ ਪੜ੍ਹਨ ਲਈ ਦਾਖ਼ਲਾ ਮਿਲਿਆ। ਉਨ੍ਹਾਂ ਕਿਹਾ, “ਮੈਂ 7 ਵੀਂ ਜਮਾਤ ਵਿਚ ਪੜ੍ਹਨ ਵੇਲੇ ਹੀ ਪਿੰਡ ਰਹਿੰਦਿਆਂ ਕਈ ਗੀਤ ਲਿਖ ਦਿਤੇ ਸਨ। ਮੈਂ ਸ਼ਿਵ ਬਟਾਲਵੀ ਨੂੰ ਪੜ੍ਹ ਕੇ ਉਸ ਵਰਗੀ ਕਵਿਤਾ ਲਿਖਣਾ ਚਾਹੁੰਦੀ ਸੀ ਪਰ ਪਿਛੋਂ ਸੁਰਜੀਤ ਪਾਤਰ ਹੁਰਾਂ ਨੂੰ ਅਪਣਾ ਸਾਹਿਤਕ ਗੁਰੂ ਬਣਾਇਆ।''
ਸੁਖਵਿੰਦਰ ਅੰਮ੍ਰਿਤ ਨੇ ਅਪਣੀਆਂ ਚੋਣਵੀਂਆਂ ਬੋਲੀਆਂ 'ਖਾਣ ਨੂੰ ਤੈਨੂੰ ਖੀਰ ਦਉਂਗੀ, ਨਾਲ ਪਕਾ ਦਉ ਪੂੜਾ, ਬੈਠਣ ਨੂੰ ਤੈਨੂੰ ਕੁਰਸੀ ਦਉਗੀ, ਸੋਚ ਨੂੰ ਲਾਲ ਪੰਘੂੜਾ, ਲਾ ਕੇ ਤੇਲ ਤੇਰੇ ਵਾਹਦੂੰ ਬੋਦੇ, ਸਿਰ ਤੇ ਕਰ ਦਉਂ ਜੂੜਾ,  ਜੇ ਮੇਰਾ ਪੁੱਤ ਬਣਨਾ, ਲਿਖ ਕੇ ਵਖਾ ਦੇ ਊੜਾ।'  ਨਾਲ  ਸਰੋਤਿਆਂ ਦੀ ਵਾਹ-ਵਾਹ ਖੱਟੀ।
ਦੋਹਾਂ ਸ਼ਖਸੀਅਤਾਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਉਂਦੇ ਹੋਏੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਮਹਿਕਮੇ ਦੇ ਐਸੋਸੀਏਟ ਪ੍ਰੋ. ਡਾ. ਕੁਲਵੀਰ ਗੋਜਰਾ ਨੇ ਕਿਹਾ, “ਸਾਰਿਆਂ ਦੇ ਅੰਦਰ ਸਾਹਿਤ ਦਾ ਬੀਜ ਪਿਆ ਹੁੰਦੈ ਪਰ ਪੁੰਗਰਦਾ ਕਿਸੇ ਕਿਸੇ ਦਾ ਹੈ।''
ਦਿੱਲੀ ਦੇ ਕਲਾ, ਸਭਿਆਚਾਰ ਤੇ ਭਾਸ਼ਾ ਸਕੱਤਰ ਐਨ.ਕੇ. ਸ਼ਰਮਾ, ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਤੇ ਜੰਮੂ ਕਸ਼ਮੀਰ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਖ਼ਾਲਿਦ ਹੁਸੈਨ ਸ਼ਾਮਲ ਹੋਏ।
ਇਸ ਦੌਰਾਨ ਚੰਦਨ ਨੇਗੀ ਦੇ ਨਵੇਂ ਨਾਵਲ 'ਅੰਧ ਕੂਪ' ਅਤੇ ਪੰਜਾਬੀ ਅਕਾਦਮੀ ਵਲੋਂ ਪ੍ਰਕਾਸ਼ਤ ਡਾ. ਧਰਮ ਸਿੰਘ ਦੀ ਕਿਤਾਬ' ਪੰਜਾਬੀ ਖੋਜ ਦਾ ਇਤਿਹਾਸ' ਨੂੰ ਡਾ. ਗੋਜਰਾ, ਸੁਖਵਿੰਦਰ ਅੰਮ੍ਰਿਤ, ਚੰਦਨ ਨੇਗੀ, ਗੁਰਭੇਜ ਸਿੰਘ ਗੁਰਾਇਆ, ਚੰਦਨ ਨੇਗੀ ਅਤੇ ਆਰਸੀ ਪਬਲਿਸ਼ਰ ਦਰਣਜੀਤ ਸਿੰਘ ਨੇ ਜਾਰੀ ਕੀਤੀ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman