ਪੰਜਾਬੀ ਅਧਿਆਪਕਾਂ ਦੀ ਭਰਤੀ ਤੋਂ ਟਾਲਾ ਵੱਟ ਰਹੀ ਕੇਜਰੀਵਾਲ ਸਰਕਾਰ ਨੂੰ ਝਾੜ

ਪੰਜਾਬੀ ਅਧਿਆਪਕਾਂ ਦੀ ਭਰਤੀ ਤੋਂ ਟਾਲਾ ਵੱਟ ਰਹੀ ਕੇਜਰੀਵਾਲ ਸਰਕਾਰ ਨੂੰ ਝਾੜ

January 10, 2017 10:40 PM


ਨਵੀਂ ਦਿੱਲੀ, 10 ਜਨਵਰੀ (ਅਮਨਦੀਪ ਸਿੰਘ) : ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਤੇ ਉਰਦੂ ਦੇ ਪੱਕੇ ਅਧਿਆਪਕਾਂ  ਦੀ ਭਰਤੀ ਕਰਨ ਤੋਂ ਟਾਲਾ ਵੱਟ ਰਹੀ ਕੇਜਰੀਵਾਲ ਸਰਕਾਰ ਨੂੰ ਝਾੜ ਪਾਉਂਦਿਆਂ ਘੱਟ ਗਿਣਤੀ ਵਿਦਿਅਕ ਅਦਾਰਿਆਂ ਬਾਰੇ ਕੌਮੀ ਕਮਿਸ਼ਨ ਨੇ ਸਿਖਿਆ ਵਿਭਾਗ ਦੀ ਡਾਇਰੈਕਟਰ ਨੂੰ ਨਿਜੀ ਤੌਰ 'ਤੇ ਪੇਸ਼ ਹੋਣ ਦੇ ਹੁਕਮ ਦਿਤੇ ਹਨ।
ਜ਼ਫਰ ਆਗ਼ਾ, ਡਾ.ਬਲਤੇਜ ਸਿੰਘ ਮਾਨ ਅਤੇ ਨਾਹਿਦ ਆਬੀਦੀ 'ਤੇ ਅਧਾਰਤ ਤਿੰਨ ਮੈਂਬਰੀ ਸੰਵਿਧਾਨਕ ਕਮਿਸ਼ਨ  ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਿਖਿਆ ਵਿਭਾਗ ਦੀ ਵਿਸ਼ੇਸ਼ ਡਾਇਰੈਕਟਰ ਰੰਜਨਾ ਦੇਸਵਾਲ ਦੇ ਪੇਸ਼ ਨਾ ਹੋਣ 'ਤੇ ਨਾਰਾਜ਼ਗੀ ਪ੍ਰਗਟਾਈ ਤੇ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੂੰ ਉਚੇਚੀ ਹਦਾਇਤ ਦਿਤੀ ਕਿ ਉਹ 19 ਜਨਵਰੀ ਨੂੰ ਅਗਲੀ ਪੇਸ਼ੀ ਸਿਖਿਆ ਡਾਇਰੈਕਟਰ ਸੌਮਿਆ ਗੁਪਤਾ ਨੂੰ ਨਾਲ ਲੈ ਕੇ ਆਉਣ।
ਪਿਛਲੀ ਪੇਸ਼ੀ 'ਤੇ ਕਮਿਸ਼ਨ ਨੇ ਵਿਸ਼ੇਸ਼ ਸਿਖਿਆ ਡਾਇਰੈਕਟਰ ਰੰਜਨਾ ਦੇਸਵਾਲ ਕੋਲੋਂ ਪੰਜਾਬੀ ਤੇ ਉਰਦੂ ਅਧਿਆਪਕਾਂ ਦੀ ਭਰਤੀ ਦੀ ਕਵਾਇਦ ਬਾਰੇ ਰੀਕਾਰਡ ਤਲਬ ਕੀਤਾ ਸੀ ਪਰ ਕਲ ਦੀ ਪੇਸ਼ੀ ਮੌਕੇ ਉਹ ਕਮਿਸ਼ਨ ਸਾਹਮਣੇ ਪੇਸ਼ ਨਾ ਹੋਈ। ਦਿੱਲੀ ਸੁਬਾਰਡੀਨੇਟ ਸਟਾਫ਼ ਸਿਲੈਕਸ਼ਨ ਬੋਰਡ ਵਲੋਂ ਪੱਕੇ ਅਧਿਆਪਕਾਂ ਦੀ ਭਰਤੀ ਵਿਚ ਹੋਣ ਵਾਲੀ ਦੇਰੀ ਕਰ ਕੇ 17 ਮਈ 2017 ਤਕ ਕੱਚੇ ਅਧਿਆਪਕ ਨਿਯੁਕਤ ਕੀਤੇ ਜਾਣੇ ਸਨ।
ਦਿੱਲੀ ਗੁਰਦਵਾਰਾ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਕਮਿਸ਼ਨ ਨੂੰ ਦਰਖ਼ਾਸਤ ਦਿਤੀ ਕਿ ਸਰਕਾਰ ਮਾਮਲੇ ਨੂੰ ਲਟਕਾ ਰਹੀ ਹੈ। ਇਸ ਲਈ ਸਿਖਿਆ ਡਾਇਰੈਕਟਰ ਸੌਮਿਆ ਗੁਪਤਾ ਨੂੰ ਨਿਜੀ ਤੌਰ 'ਤੇ ਤਲਬ ਕੀਤਾ ਜਾਵੇ। ਮੁਦਈ ਧਿਰ ਵਲੋਂ ਮਾਮਲੇ ਦੀ ਪੈਰਵੀ ਕਰ ਰਹੇ ਡਾ.ਰਘਬੀਰ ਸਿੰਘ ਨੇ ਕਮਿਸ਼ਨ ਨੂੰ ਦਸਿਆ ਕਿ ਭਾਰਤੀ ਸੰਵਿਧਾਨ, ਪਾਰਲੀਮੈਂਟ ਦੇ ਕਾਨੂੰਨ ਅਤੇ ਤ੍ਰੈ-ਭਾਸ਼ੀ ਫ਼ਾਰਮੂਲੇ ਦੇ ਵਿਰੁਧ ਜਾ ਕੇ, ਦਿੱਲੀ ਸਰਕਾਰ ਨੇ ਪਿਛਲੇ ਸਾਲ 26 ਦਸੰਬਰ ਨੂੰ ਨਵੇਂ ਹੁਕਮ ਜਾਰੀ ਕਰ ਕੇ, 228 ਸਰਕਾਰੀ ਸਕੂਲਾਂ ਵਿਚ ਪੰਜਾਬੀ, ਉਰਦੂ ਤੇ ਹੋਰ ਭਾਸ਼ਾਵਾਂ ਦੀ ਥਾਂ 'ਤੇ ਕਿਤਾਮੁਖੀ ਵਿਸ਼ੇ ਨੂੰ ਜ਼ਰੂਰੀ ਵਿਸ਼ੇ ਵਜੋਂ ਲਾਗੂ ਕਰ ਦਿਤਾ ਜਿਸ ਨਾਲ ਭਵਿੱਖ ਵਿਚ ਪੰਜਾਬੀ ਤੇ ਉਰਦੂ ਦਾ ਸਕੂਲਾਂ ਵਿਚ ਵੱਡਾ ਨੁਕਸਾਨ ਹੋਵੇਗਾ ਤੇ ਪੰਜਾਬੀ ਤੇ ਉਰਦੂ ਅਧਿਆਪਕਾਂ ਦੀ ਲੋੜ ਹੀ ਖ਼ਤਮ ਹੋ ਜਾਵੇਗੀ। ਇਸ 'ਤੇ ਮੁੱਖ ਮੈਂਬਰ ਜ਼ਫਰ ਆਗ਼ਾ ਨੇ ਕਿਹਾ, ''ਇਸ ਮਾਮਲੇ ਬਾਰੇ ਅਖ਼ਬਾਰਾਂ ਵਿਚ ਪੜ੍ਹਿਆ ਹੈ। ਤੁਸੀਂ ਸੰਵਿਧਾਨਕ ਹਵਾਲਿਆਂ ਬਾਰੇ ਲਿਖ਼ਤੀ ਦਲੀਲਾਂ ਜਮ੍ਹ੍ਹਾਂ ਕਰਵਾਉ।''
ਜ਼ਫਰ ਆਗ਼ਾ ਨੇ ਪੰਜਾਬੀ ਦੇ ਮਸਲੇ 'ਤੇ ਦਿੱਲੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਕ ਪਹੁੰਚ ਕਰਨ ਲਈ ਆਖਿਆ ਤਾਂ ਅੱਗੋਂ ਉਨ੍ਹਾਂ ਕਿਹਾ,“ਪਹੁੰਚ ਕਿਵੇਂ ਕੀਤੀ ਜਾਵੇ, ਮੁੱਖ ਮੰਤਰੀ ਕਦੇ ਪੰਜਾਬ, ਕਦੇ ਯੂ.ਪੀ.ਤੇ ਕਦੇ ਗੋਆ ਦੇ ਦੌਰਿਆਂ 'ਤੇ ਹੁੰਦੇ ਹਨ ਤੇ ਸਰਕਾਰ ਇਸ ਮਾਮਲੇ ਪ੍ਰਤੀ ਸੰਜੀਦਾ ਨਹੀਂ।''
ਕਲ ਸੁਣਵਾਈ ਮੌਕੇ ਪੰਜਾਬੀ ਅਕਾਦਮੀ ਦੀ ਸਹਾਇਤ ਸਕੱਤਰ ਹਰਪ੍ਰੀਤ ਕੌਰ ਤੇ ਦਿੱਲੀ ਗੁਰਦਵਾਰਾ ਕਮੇਟੀ ਦੀ ਵਕੀਲ ਅਵਨੀਤ ਕੌਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਿਛਲੀ ਤਰੀਕਾਂ ਦੌਰਾਨ ਕਮਿਸ਼ਨ ਦਿੱਲੀ ਸਰਕਾਰ ਨੂੰ ਝਾੜ ਲਾ ਚੁਕੀ ਹੈ ਕਿ ਬੱਚਿਆਂ ਦੇ ਸਕੂਲਾਂ ਦੇ ਦੋ ਸੈਸ਼ਨ ਤਾਂ ਖਤਮ ਹੋ ਚੁਕੇ ਹਨ, ਪਰ ਹੁਣ ਤਕ ਸਕੂਲਾਂ ਵਿਚ ਪੰਜਾਬੀ ਤੇ ਉਰਦੂ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਗਈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman