ਨਾਰੀ ਮਨ ਦੀ ਵੇਦਨਾ

ਨਾਰੀ ਮਨ ਦੀ ਵੇਦਨਾ

January 09, 2017 10:06 PM


ਨਾਰੀ ਅਤੇ ਵੇਦਨਾ ਦਾ ਜਿਵੇਂ ਕੋਈ ਡੂੰਘਾ ਰਿਸ਼ਤਾ ਹੈ। ਵੇਦਨਾ ਤੋਂ ਬਿਨਾਂ ਨਾਰੀਤਵ ਅਧੂਰਾ ਹੀ ਹੈ। ਖ਼ੁਸ਼ੀਆਂ, ਛਣਕਦੇ ਹਾਸੇ, ਬੇਪਰਵਾਹੀਆਂ ਭਰੀ ਉਮਰ ਵਿਚ ਵੀ ਵੇਦਨਾਵਾਂ ਦੀ ਭਾਹ ਨਜ਼ਰ ਆਉਂਦੀ ਹੈ। ਭਾਵੇਂ ਜਨਮਦਾ ਤਾਂ ਹਰ ਬੱਚਾ ਪੀੜਾਂ ਵਿਚੋਂ ਹੀ ਹੈ, ਪਰ ਬਾਲਕ ਕੁੜੀ ਦੇ ਜਨਮ ਸਮੇਂ ਪੀੜਾਂ ਸ਼ਾਇਦ ਉਸ ਦੇ ਵਜੂਦ ਵਿਚ ਹੀ ਸਮਾਅ ਜਾਂਦੀਆਂ ਨੇ। ਇਹ ਪੀੜਾਂ ਭਰਿਆ ਵਜੂਦ ਸਾਰੀ ਉਮਰ ਹੋਰ ਪੀੜਾਂ ਨੂੰ ਸਹਿੰਦਾ ਰਹਿੰਦਾ ਹੈ ਜਿਸ ਨੂੰ ਸਾਡੇ ਸਮਾਜ ਨੇ ਸਹਿਣਸ਼ੀਲਤਾ ਅਤੇ ਕਦੀ ਸਬਰ ਸੰਤੋਖ ਦਾ ਨਾਂ ਦਿਤਾ।
ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆਂ 'ਚ ਘੁੰਮਦਾ ਇਕ ਸੰਦੇਸ਼ ਪੜ੍ਹਿਆ ਜਿਸ ਵਿਚ ਇਕ ਅੰਗਰੇਜ਼ ਇਕ ਭਾਰਤੀ ਨੂੰ ਪੁਛਦਾ ਹੈ, ''ਤੁਹਾਡੇ ਮੁਲਕ ਵਿਚ ਔਰਤਾਂ ਹੱਥ ਕਿਉਂ ਨਹੀਂ ਮਿਲਾਉਦੀਆਂ?'' ਤਾਂ ਭਾਰਤੀ ਨੇ ਜਵਾਬ ਦਿਤਾ, ''ਕੀ ਤੁਹਾਡੇ ਦੇਸ਼ ਦਾ ਕੋਈ ਵੀ ਆਮ ਆਦਮੀ ਤੁਹਾਡੀ ਰਾਣੀ ਨਾਲ ਹੱਥ ਮਿਲਾ ਸਕਦਾ ਹੈ?'' ਅੰਗਰੇਜ਼ ਨੇ ਕਿਹਾ, ''ਨਹੀਂ।'' ਭਾਰਤੀ ਅੱਗੋਂ ਬੋਲਿਆ, “ਤਾਂ ਸਾਡੇ ਦੇਸ਼ ਦੀ ਹਰ ਔਰਤ ਰਾਣੀ ਹੈ।”
ਇਸ ਰਾਣੀ ਦੇ ਸੜਕਾਂ ਉਤੇ ਕਦੀ ਦਿਨ-ਦਿਹਾੜੇ, ਕਦੀ ਰਾਤ ਵੇਲੇ ਬਲਾਤਕਾਰ ਹੁੰਦੇ ਹਨ। ਭਾਵੇਂ ਉਹ ਇਕੱਲੀ ਹੋਵੇ, ਮਾਂ-ਪਿਉ, ਭਰਾ-ਪਤੀ ਜਾਂ ਦੋਸਤ ਨਾਲ ਹੋਵੇ। ਮੰਦਰਾਂ ਵਿਚ ਇਸ ਨੂੰ ਦੇਵੀਆਂ ਵਾਂਗ ਪੂਜਿਆ ਜਾਂਦਾ ਹੈ, ਮਾਂ ਦਾ ਦਰਜਾ ਦਿਤਾ ਜਾਂਦਾ ਹੈ ਪਰ ਘਰਾਂ ਵਿਚ 'ਪੈਰ ਦੀ ਜੁੱਤੀ' ਵਰਗੇ ਵਿਸ਼ੇਸ਼ਣ ਵਰਤੋਂ ਵਿਚ ਆਉਂਦੇ ਹਨ। ਜਿਸ ਮੁਲਕ ਵਿਚ ਔਰਤ ਨੂੰ 'ਪੈਰ ਦੀ ਜੁੱਤੀ', 'ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸੱਭ ਤਾੜਨ ਕੇ ਅਧਿਕਾਰੀ' ਅਤੇ 'ਔਰਤ ਦੀ ਮੱਤ ਗੁੱਤ ਪਿੱਛੇ' ਕਿਹਾ ਗਿਆ ਹੋਵੇ, ਉਥੇ ਉਸ ਦੇ ਵਿਕਾਸ, ਆਤਮਵਿਸ਼ਵਾਸ ਅਤੇ ਹੈਸੀਅਤ ਦੀ ਗੱਲ ਕਿਹੜੇ ਹੱਕ ਨਾਲ ਹੋਵੇ? ਬੇਸ਼ਕ ਬਹੁਤ ਸਾਰੇ ਪਾਠਕ ਪੈਰ ਦੀ ਜੁੱਤੀ ਵਾਲੀ ਗੱਲ ਨਾਲ ਸਹਿਮਤ ਨਾ ਹੋਣ, ਪਰ ਇਹ ਪ੍ਰਵਿਰਤੀ ਬਹੁਤ ਜ਼ਬਰਦਸਤ ਰਹੀ ਹੈ ਸਾਡੇ ਸਮਾਜ ਵਿਚ ਅਤੇ ਪੂਰੀ ਤਰ੍ਹਾਂ ਖ਼ਤਮ ਵੀ ਨਹੀਂ ਹੋਈ। ਕਵੀ ਸ. ਚਰਨ ਸਿੰਘ ਸ਼ਹੀਦ ਨੇ ਇਹ ਕਹਿ ਕੇ ਔਰਤ ਦੇ ਰੁਤਬੇ ਨੂੰ ਸਾਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ:
ਅੱਧਾ ਅੰਗ ਨਾਰ ਨੂੰ ਕਹਿੰਦੇ, ਸਾਰੇ ਗ੍ਰੰਥ ਪਵਿੱਤਰ ਨੇ,
ਨਾਰੀ ਨੂੰ ਜੋ ਜੁੱਤੀ ਆਖੇ, ਖ਼ੁਦ ਵੀ ਉਹ ਛਿੱਤਰ ਨੇ
'ਔਰਤ ਦੀ ਮੱਤ ਗੁੱਤ ਪਿੱਛੇ' ਵਾਲੀ ਗੱਲ ਤਾਂ ਮੈਨੂੰ ਅੱਜ ਤਕ ਨਹੀਂ ਸਮਝ ਆਈ ਕਿ ਕਿਹੜੇ ਵੱਡੇ ਸਿਆਣੇ ਨੇ ਇਹ ਘਾੜਤ ਘੜੀ ਹੋਵੇਗੀ? 'ਔਰਤ ਹੀ ਔਰਤ ਦੀ ਸੱਭ ਤੋਂ ਵੱਡੀ ਦੁਸ਼ਮਣ ਹੈ', ਇਹ ਫ਼ਿਕਰਾ ਬਹੁਤ ਪੁਰਾਣਾ ਹੋ ਚੁਕਿਆ ਹੈ। ਪਰ ਫ਼ਿਕਰੇ ਵਿਚਲਾ ਫ਼ਿਕਰ ਹਾਲੇ ਵੀ ਬਰਕਰਾਰ ਹੈ। ਬੇਸ਼ੱਕ ਕੁੱਝ ਔਰਤਾਂ ਬਹੁਤ ਤਾਕਤਵਰ ਹਨ, ਮਾਣ-ਸਨਮਾਨ ਅਤੇ ਭਰੋਸੇ ਨਾਲ ਭਰੀਆਂ ਜ਼ਿੰਦਗੀ ਨੂੰ ਅਪਣੀਆਂ ਕੀਮਤਾਂ ਤੇ ਜਿਊਂਦੀਆਂ ਹਨ। ਪਰ ਇਹ ਗਿਣਤੀ ਆਟੇ ਵਿਚ ਲੂਣ ਦੇ ਬਰਾਬਰ ਹੈ। ਬਹੁਤੀਆਂ ਵਿਚਾਰੀਆਂ ਦੀ ਹਾਲਤ ਜਿਉਂ ਦੀ ਤਿਉਂ ਹੈ।
ਅੱਖੀਂ ਵੇਖਣ ਦੀ ਗੱਲ ਹੈ ਕਿ ਔਰਤ ਨੂੰ ਉਸ ਦੇ ਘਰ ਵਿਚ ਨਿੱਕੀ ਨਿੱਕੀ ਗੱਲ ਤੋਂ ਬੇਇਜ਼ਤ ਕੀਤਾ ਜਾਂਦਾ ਹੈ। ਕਦੇ ਸੱਸ-ਸਹੁਰੇ ਵਲੋਂ ਅਤੇ ਕਦੇ ਪਤੀ ਵਲੋਂ। ਬੇਮਤਲਬ ਦੀ ਨੁਕਤਾਚੀਨੀ, ਰੂਪ-ਰੰਗ ਉਤੇ ਵਿਅੰਗ ਹਰ ਘਰ ਦੀ ਕਹਾਣੀ ਹੈ ਅਤੇ ਅਜਿਹੇ ਹਾਲਾਤ ਇਕ ਔਰਤ ਦੇ ਸਵੈਮਾਣ ਨੂੰ ਕਤਲ ਕਰਨ ਵਾਲੇ ਹੁੰਦੇ ਹਨ। ਅੰਦਰ ਵੜ-ਵੜ ਕੇ ਬਿਨਾਂ ਆਵਾਜ਼ ਕੱਢੇ ਰੋਣਾ, ਇਹ ਵੇਦਨਾ ਦੀ ਜਨਮ ਦੀਆਂ ਵੇਦਨਾਵਾਂ ਨਾਲ ਸਾਂਝ ਹੀ ਤਾਂ ਹੈ। ਉਸ ਦਾ ਦਰਦ, ਖ਼ਾਮੋਸ਼ੀ ਸੱਭ ਸਾਡੇ ਸਮਾਜ ਨੂੰ ਉਸ ਦੇ ਚਲਿੱਤਰ ਹੀ ਲਗਦੇ ਨੇ, ਜਦਕਿ ਵਿਚਾਰੀ ਔਰਤ ਤਾਂ ਜੱਗ ਦਾ ਤਮਾਸ਼ਾ ਬਣਨੋਂ ਬਚਣ ਲਈ ਆਪਾ ਸਮੇਟ ਕੇ ਇਨ੍ਹਾਂ ਮੋਏ, ਬੇਅਰਥ ਰਿਸ਼ਤਿਆਂ 'ਚ ਜਾਨ ਫੂਕਣ ਅਤੇ ਭਾਵ ਭਰਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ। ਇਹ ਭਾਰ ਢੋਂਹਦੀ-ਢੋਂਹਦੀ ਉਸ ਦੀ ਰੂਹ ਕਿੱਥੋਂ-ਕਿੱਥੋਂ ਵਿੰਨ੍ਹੀ ਜਾ ਚੁੱਕੀ ਹੈ, ਸ਼ਾਇਦ ਹੀ ਕੋਈ ਦਿਲ ਦਾ ਮਹਿਰਮ ਸੋਚਦਾ ਹੋਵੇ।
ਕੁਆਰੀ ਹੁੰਦੀ ਨੂੰ ਵੀ ਸਮਾਜ ਦੀਆਂ ਨਜ਼ਰਾਂ ਨੋਚ ਨੋਚ ਕੇ ਖਾ ਜਾਂਦੀਆਂ ਹਨ। ਜੰਮਣ ਸਮੇਂ ਵੀ ਕਿਸੇ ਦੇ ਚਿਹਰੇ ਉਤੇ ਮੁਸਕਾਨ ਘੱਟ ਹੀ ਆਉਂਦੀ ਹੈ। ਲੱਡੂਆਂ ਨਾਲ ਸਵਾਗਤ ਤਾਂ ਕਿਸੇ ਕਰਮਾਂ ਵਾਲੀ ਦਾ ਹੀ ਹੁੰਦਾ ਹੋਵੇਗਾ। ਅੱਜ ਜ਼ਮਾਨਾ ਬਦਲ ਗਿਆ ਹੈ। ਕੁੜੀਆਂ ਦੀ ਪਾਲਣਾ ਚੰਗੀ ਹੋ ਰਹੀ ਹੈ, ਖਾਣ-ਪੀਣ, ਪਹਿਨਣ ਦੇ ਵਿਤਕਰੇ ਘਰਾਂ ਵਿਚ ਨਹੀਂ ਹੋ ਰਹੇ। ਜਨਮਦਿਨ ਮਨਾਏ ਜਾਂਦੇ ਹਨ। ਆਜ਼ਾਦ ਵਿਚਾਰ ਵੀ ਰਖਦੇ ਹਨ ਮਾਪੇ। ਪਰ ਇਕ ਤਾਂ ਇਸ ਸੋਚ ਦੇ ਲੋਕਾਂ ਦੀ ਗਿਣਤੀ ਘੱਟ ਹੈ ਅਤੇ ਦੂਜਾ ਇਸ ਤਸਵੀਰ ਦਾ ਇਕ ਪੱਖ ਹੋਰ ਵੀ ਹੈ। ਇਹ ਸੱਭ ਖ਼ੁਸ਼ਹਾਲੀ ਉਨ੍ਹਾਂ ਘਰਾਂ ਵਿਚ ਹੀ ਹੈ, ਜਿਥੇ ਧੀ ਦੇ ਨਾਲ ਪੁੱਤਰ ਵੀ ਹੈ। ਅਪਣੇ ਆਪ ਨੂੰ ਬਰਕਤਾਂ ਭਰਿਆ ਸਮਝ ਕੇ ਵਿਚਰ ਰਹੇ ਹਨ ਅਜਿਹੇ ਲੋਕ। ਪਰ ਜੇ ਕੱਲੀਆਂ ਧੀਆਂ ਹੋਣ, ਪੁੱਤਰ ਨਾ ਹੋਵੇ ਤਾਂ ਫਿਰ ਅਜਿਹੇ ਮੁਬਾਰਕ ਮੌਕੇ ਘਰਾਂ ਵਿਚ ਨਹੀਂ ਹੁੰਦੇ ਕਿਉਂਕਿ ਦਿਲਾਂ ਵਿਚੋਂ ਫ਼ਰਕ ਨਹੀਂ ਮਿਟਿਆ। ਧੀ ਦੀ ਕਦਰ ਘਰ ਵਿਚ ਪੁੱਤਰ ਦੀ ਮੌਜੂਦਗੀ ਨਾਲ ਹੀ ਹੈ ਨਹੀਂ ਤਾਂ ਫਿਰ ਉਹ ਨਿਮਾਣੀ, ਵਿਚਾਰੀ ਤੇ ਹੋਰ ਪਤਾ ਨਹੀਂ ਕੀ-ਕੀ ਬਣ ਜਾਂਦੀ ਹੈ।
ਔਰਤਾਂ ਦੀ ਸੋਚ ਇਨ੍ਹਾਂ ਮਾਮਲਿਆਂ 'ਚ ਏਨੀ ਮਜ਼ਬੂਤ ਅਤੇ ਸਥਿਰ ਹੈ ਕਿ ਤੁਸੀਂ ਚਾਹ ਕੇ ਵੀ, ਲੱਖ ਕੋਸ਼ਿਸ਼ਾਂ ਕਰ ਕੇ ਵੀ ਬਦਲ ਨਹੀਂ ਸਕਦੇ। ਮੇਰੀ ਦੂਜੀ ਬੇਟੀ ਨੇ ਜਦੋਂ ਜਨਮ ਲਿਆ ਤਾਂ ਇਕ ਜਾਣਕਾਰ ਔਰਤ ਨੇ ਕਿਹਾ ਕਿ 'ਤੂੰ ਤਾਂ ਪੜ੍ਹੀ-ਲਿਖੀ ਏਂ, ਟੈਸਟ ਨਾ ਕਰਾਇਆ?' ਮੈਂ ਕਿਹਾ ਕਿ ਮੈਂ ਇਨ੍ਹਾਂ ਗੱਲਾਂ 'ਚ ਯਕੀਨ ਨਹੀਂ ਰਖਦੀ। ਤਾਂ ਫਿਰ ਆਪ ਹੀ ਕਹਿੰਦੀ, “ਕਰਾਇਆ ਤਾਂ ਹੋਣੈ, ਡਾਕਟਰ ਨੇ ਗ਼ਲਤ ਦੱਸ 'ਤਾ ਹੋਣੈ ਬਈ ਮੁੰਡਾ ਈ ਏ ਪਰ ਹੋਈ ਕੁੜੀ।''
ਕਹਿਣ ਦਾ ਮਤਲਬ ਕਿ ਉਹ ਔਰਤ ਸੋਚ ਵੀ ਨਹੀਂ ਸਕਦੀ ਕਿ ਕੋਈ ਦੂਜੀ ਔਰਤ ਪੁੱਤਰ ਦੀ ਇੱਛਾ ਦੀ ਬਹੁਤ ਚਾਹਵਾਨ ਨਹੀਂ ਵੀ ਹੋ ਸਕਦੀ। ਖ਼ਾਸ ਕਰ ਕੇ ਇਸ ਕੀਮਤ ਤੇ ਕਿ ਭਰੂਣ ਹਤਿਆ ਕਰਾਉਣੀ ਪਵੇ।
ਇਕ ਹੋਰ ਰਿਸ਼ਤੇਦਾਰ ਔਰਤ ਨੇ ਕਿਹਾ, “ਧੀਏ! ਰੱਬ ਤੈਨੂੰ 'ਜੀਅ' ਦੇ ਦਿੰਦਾ-ਤਾਂ ਚੰਗਾ ਹੁੰਦਾ-ਪਰ ਤੇਰੇ ਫਿਰ ਪੱਥਰ ਹੀ ਵੱੱਜਾ।'' ਉਸ ਦੇ ਹਿਸਾਬ ਨਾਲ ਮੇਰੀ ਦੂਜੀ ਧੀ 'ਜੀਅ' ਨਹੀਂ 'ਪੱਥਰ' ਸੀ। ਮੈਂ ਕਿਵੇਂ ਸਹਿ ਸਕਦੀ ਸੀ ਇਨ੍ਹਾਂ ਲਫ਼ਜ਼ਾਂ ਦਾ ਭਾਰ? ਮੋੜਵਾਂ ਉਤਰ ਦਿਤਾ, “ਤਾਈ! ਤੇਰੇ ਚਾਰ ਪੁੱਤਰ ਨੇ ਤਾਂ ਤੈਨੂੰ ਚਾਰ ਪੱਥਰ ਵੱਜੇ ਨੇ, ਮੇਰੇ ਤਾਂ ਫੁੱਲ ਨੇ।'' ਤਾਂ ਇਕ ਫਿੱਕੀ ਨਕਲੀ ਜਿਹੀ ਮੁਸਕਾਨ ਉਸ ਦੇ ਚਿਹਰੇ ਤੇ ਫੈਲ ਗਈ। ਸ਼ਾਇਦ ਉਹ ਮੇਰੀ ਕਮਅਕਲੀ ਉਤੇ ਹੱਸ ਰਹੀ ਹੋਵੇ ਕਿ 'ਪੁੱਤਾਂ ਨਾਲ ਹੀ ਵੰਸ਼ ਅੱਗੇ ਵਧਦਾ ਹੈ, ਧੀਆਂ ਤਾਂ ਅਪਣੇ ਘਰ ਚਲੀਆਂ ਜਾਂਦੀਆਂ ਨੇ।' ਕੁੱਝ ਇਹੋ ਜਿਹਾ ਸੁਨੇਹਾ ਦੇ ਰਹੀ ਸੀ ਉਸ ਦੀ ਮੁਸਕਾਨ।
ਐਸੀ ਸੋਚ ਇਨ੍ਹਾਂ ਔਰਤਾਂ ਦੀ ਪੜ੍ਹੇ-ਲਿਖੇ ਨਾ ਹੋਣ ਕਰ ਕੇ ਨਹੀਂ, ਸਗੋਂ ਮੈਂ ਤਾਂ ਬਹੁਤ ਪੜ੍ਹੀਆਂ-ਲਿਖੀਆਂ ਔਰਤਾਂ ਨੂੰ ਵੀ ਅਜਿਹੇ ਹੀ ਸੰਸਕਾਰਾਂ ਦਾ ਸ਼ਿਕਾਰ ਵੇਖਿਆ ਹੈ। ਧੀ-ਪੁੱਤਰ ਦੋਵੇਂ ਕੁਦਰਤ ਦੀ ਦੇਣ ਹਨ, ਦੋਵੇਂ ਹੀ ਜ਼ਰੂਰੀ ਹਨ। ਮਾਂ-ਪਿਉ ਨੂੰ ਦੋਹਾਂ ਦੀ ਚਾਹ ਹੁੰਦੀ ਹੈ, ਪਰ ਧੀਆਂ ਦੀ ਭਰੂਣ ਹਤਿਆ ਬਹੁਤ ਵੱਡੀ ਕੀਮਤ ਹੈ ਤੇ ਸ਼ਰਮਨਾਕ ਵੀ।
ਜਦੋਂ ਬਲਾਤਕਾਰ ਹੁੰਦੇ ਨੇ, ਉਦੋਂ ਇਥੋਂ ਦੇ ਮਰਦਾਂ ਨੂੰ ਔਰਤ ਵਿਚ ਦੇਵੀ ਨਜ਼ਰ ਆਉਂਦੀ ਹੀ ਨਹੀਂ। ਫਿਰ ਇਸ ਗੰਦੇ ਕਾਰੇ ਨੂੰ ਕਰਦੇ ਸਮੇਂ ਕਿਸੇ ਇਕ ਮਿੰਟ ਲਈ ਵੀ ਉਨ੍ਹਾਂ ਦੀ ਰੂਹ ਕੰਬਦੀ ਨਹੀਂ। ਇਕ ਜ਼ਿੰਦਾ ਇਨਸਾਨ ਨੂੰ ਜ਼ਬਰਦਸਤੀ ਨੋਚਦਿਆਂ, ਦੁਰਕਾਰਦਿਆਂ ਅਤੇ ਲਿਤਾੜਦਿਆਂ, ਉਸ ਦੀ ਆਤਮਾ ਸਦਾ ਲਈ ਲਹੂ ਲੁਹਾਨ ਅਤੇ ਜੀਵ-ਹੀਣ ਕਰ ਦਿਤੀ ਜਾਂਦੀ ਹੈ। ਫਿਰ ਇਨ੍ਹਾਂ ਹੀ ਮਰਦਾਂ ਦੇ ਬਣਾਏ ਕਾਨੂੰਨ ਏਨੇ ਮਾੜੇ ਹਨ ਕਿ ਉਸ ਨੂੰ ਨਿਆਂ ਨਹੀਂ ਮਿਲਦਾ। ਇਹ ਕਿਹੋ ਜਿਹਾ ਲੋਕਤੰਤਰ ਹੈ ਜਿਥੇ ਤੰਤਰ, ਮੰਤਰ, ਜੰਤਰ ਤੇ ਛੜਯੰਤਰ ਸੱਭ ਕੁੱਝ ਹੈ ਪਰ ਲੋਕਤੰਤਰ ਕਿੱਥੇ ਹੈ? ਅਨਿਆਂ ਦਾ ਮਾਰਿਆ, ਨਿਆਂ ਲਈ ਲੜਦਾ ਬੰਦਾ ਸਾਰੀ ਉਮਰ ਅੱਖਾਂ ਪਕਾ ਛਡਦਾ ਹੈ।
ਦਿੱਲੀ ਸ਼ਹਿਰ ਦਾ ਬਲਾਤਕਾਰ ਸਾਰੀ ਦੁਨੀਆਂ ਨੇ ਸੁਣਿਆ, ਜਾਣਿਆ ਅਤੇ ਖ਼ਬਰਾਂ ਰਾਹੀਂ ਵੇਖਿਆ। ਭਾਰਤ ਦੀ ਵਖਰੀ ਪਛਾਣ ਹੋਈ, ਪਰ ਇਕ ਮੁਜਰਿਮ ਨਾਬਾਲਗ਼ ਹੋਣ ਕਰ ਕੇ ਸੁਧਾਰ ਘਰ ਵਿਚ ਭੇਜ ਦਿਤਾ, ਇਕ ਨੇ ਖ਼ੁਦਕੁਸ਼ੀ ਕਰ ਲਈ। ਬਾਕੀ ਪਤਾ ਨਹੀਂ ਕਿਹੜੇ ਇਨਸਾਫ਼ ਦੀ ਲੜਾਈ ਲੜਨ ਲਈ ਜ਼ਿੰਦਾ ਹਨ? ਜੇ ਉਨ੍ਹਾਂ ਮੁਜਰਮਾਂ ਨੂੰ ਟੋਟੇ-ਟੋਟੇ ਕਰ ਕੇ ਦਿੱਲੀ ਦੀਆਂ ਸੜਕਾਂ ਉਤੇ ਖਿਲਾਰ ਦਿਤਾ ਜਾਂਦਾ ਤਾਂ ਸ਼ਾਇਦ ਉਹ ਸਾਡੇ ਦੇਸ਼ ਦਾ ਆਖ਼ਰੀ ਬਲਾਤਕਾਰ ਹੁੰਦਾ। ਹਰਿਆਣੇ ਦੇ ਜਾਟ ਅੰਦੋਲਨ ਦੌਰਾਨ ਅਤੇ ਬੁਲੰਦਸ਼ਹਿਰ ਵਰਗੇ ਬਲਾਤਕਾਰ ਨਾ ਹੁੰਦੇ। ਪਰ ਸਾਡਾ ਤਾਂ ਲੋਕਤੰਤਰ ਹੈ, ਗਵਾਹ, ਸਬੂਤ ਇਕੱਠੇ ਹੋਣਗੇ, ਫਿਰ ਫ਼ੈਸਲਾ ਹੋਵੇਗਾ ਕਿ ਜੁਰਮ ਹੋਇਆ ਜਾ ਨਹੀਂ, ਕਿਸ ਨੇ ਕੀਤਾ, ਕਿਉਂ ਕੀਤਾ, ਕਿਵੇਂ ਕੀਤਾ? ਇਨ੍ਹਾਂ ਸਵਾਲਾਂ ਦੇ ਜਵਾਬ ਲਭਦਿਆਂ ਇਨਸਾਫ਼ ਨਾਲ ਵੀ ਬਲਾਤਕਾਰ ਹੋ ਜਾਂਦਾ ਹੈ।
ਹੋਰ ਵੀ ਪਤਾ ਨਹੀਂ ਕਿਥੇ-ਕਿਥੇ, ਕੀ-ਕੀ, ਹੋ ਰਿਹਾ ਹੋਵੇਗਾ ਵਿਚਾਰੀ ਲਾਚਾਰ ਔਰਤ ਨਾਲ। ਨਜ਼ਰਾਂ ਨਾਲ, ਗੰਦੀਆਂ ਮੁਸਕਾਨਾਂ ਨਾਲ ਟਿਚਕਰਾਂ, ਵਾਸ਼ਨਾ ਭਰੀਆਂ ਹਰਕਤਾਂ ਨਾਲ ਹਰ ਆਉਂਦੀ ਜਾਂਦੀ, ਕੰਮ-ਕਾਰ ਕਰਦੀ ਔਰਤ ਦਾ ਅਣਕਿਹਾ, ਅਣਵੇਖਿਆ ਬਲਾਤਕਾਰ ਤਾਂ ਹੁੰਦਾ ਹੀ ਰਹਿੰਦਾ ਹੈ-ਅਤੇ ਉਹ ਬਿਨਾਂ ਕਿਸੇ ਕਸੂਰ ਦੇ ਅੰਦਰੋਂ-ਅੰਦਰ ਜਰਦੀ ਰਹਿੰਦੀ ਹੈ ਕਿ ਗ਼ਲਤ ਤਾਂ ਜ਼ਮਾਨੇ ਨੇ ਉਸ ਨੂੰ ਹੀ ਕਹਿਣਾ ਹੈ।
ਜੇ ਕਿਤੇ ਮਜਬੂਰੀ ਕਾਰਨ ਵਿਆਹੁਤਾ ਜ਼ਿੰਦਗੀ 'ਚ ਵੱਸ ਨਾ ਸਕੇ ਤਾਂ 'ਛੁੱਟੜ' ਛੁਟਿਆਰੀ, ਨਿਖਸਮੀ ਪਤਾ ਨਹੀਂ ਕੀ-ਕੀ ਵਿਸ਼ੇਸ਼ਣਾਂ ਨਾਲ ਵਿਸ਼ੇਸ਼ੀ ਜਾਂਦੀ ਹੈ। ਭਾਵੇਂ ਕਿੰਨੀ ਮਜਬੂਰੀ ਹੋਵੇ, ਇਹ ਸਮਾਜ ਹਰ ਕੀਮਤ ਉਤੇ ਸਮਝੌਤੇ ਕਰਨ ਲਈ ਉਸ ਨੂੰ ਤਾੜਦਾ ਰਹਿੰਦਾ ਹੈ ਅਤੇ ਫਿਰ ਅਪਣੀ ਜਾਨ ਦੀ ਕੀਮਤ ਦੇ ਕੇ ਉਹ ਰਿਸ਼ਤੇ ਨਿਭਾਉਂਦੀ, ਕਿਤੇ ਹਾਰ ਜਾਂਦੀ ਹੈ, ਕਿਤੇ ਖ਼ਾਮੋਸ਼ ਰਹਿ ਕੇ ਸਬਰ ਕਰ ਲੈਂਦੀ ਹੈ। ਜਿਊਂਦੀ ਨਹੀਂ, ਜ਼ਿੰਦਗੀ ਕਟਦੀ ਹੈ।
ਵਿਆਹ ਤੋੜ ਕੇ ਛੱਡ ਕੇ ਆਈ ਔਰਤ ਵਿਚ ਭਾਵੇਂ ਕਿੰਨੇ ਗੁਣ ਹੋਣ, ਉਸ ਦਾ ਛੁੱਟੜ ਹੋਣਾ ਇਕ ਐਸਾ ਘਿਨਾਉਣਾ ਅਪਰਾਧ ਹੈ ਕਿ ਉਸ ਦੀ ਸਖ਼ਸ਼ੀਅਤ ਹੀ ਖ਼ਤਮ ਹੋ ਜਾਂਦੀ ਹੈ। ਹਰ ਤਰਫ਼ ਸ਼ੱਕੀ ਨਜ਼ਰਾਂ, ਸਵਾਲੀਆ ਚਿੰਨ੍ਹ ਚਿਹਰਿਆਂ ਉਤੇ, ਵਿਚਾਰੀ ਅਪਣਾ-ਆਪ ਲੁਕਾਉਂਦੀ, ਧਰਤੀ 'ਚ ਸਮਾਅ ਜਾਣਾ ਲੋਚਦੀ ਹੈ। ਕੋਈ ਵੀ ਔਰਤ ਉਸ ਨੂੰ ਅਪਣੇ ਘਰ ਦੀ ਸੋਭਾ ਬਣਾਉਣ ਨੂੰ ਤਿਆਰ ਨਹੀਂ ਹੁੰਦੀ। ਨਤੀਜਨ ਔਰਤ ਹੀ ਔਰਤ ਦੀ ਸੱਭ ਤੋਂ ਵੱਡੀ ਦੁਸ਼ਮਣ ਹੈ ਈ ਅਤੇ ਇਸ ਸਥਾਈ ਵੇਦਨਾ ਤੋਂ ਛੁਟਕਾਰਾ ਉਹ ਤਾਂ ਹੀ ਪਾ ਸਕਦੀ ਹੈ ਜੇ ਅਪਣੀ ਜਾਤ ਦੇ ਮਾਣ, ਬਰਾਬਰੀ, ਹੈਸੀਅਤ ਅਤੇ ਅਹਿਮੀਅਤ ਦੀ ਉਸ ਨੂੰ ਸਮਝ ਹੋਵੇ।
ਅੱਜ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਧੀਆਂ ਦੀਆਂ ਲੋਹੜੀਆਂ ਮਨਾਈਆਂ ਜਾ ਰਹੀਆਂ ਹਨ। ਨੰਨ੍ਹੀ ਛਾਂ ਵਰਗੇ ਪ੍ਰੋਗਰਾਮ ਉਲੀਕ ਕੇ ਲੋਕਾਂ ਨੂੰ ਇਕ ਹਾਂ ਪੱਖੀ ਸੋਚ ਅਤੇ ਸਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਮਹਿਜ਼ ਇਕ ਉਪਰਾਲਾ ਅਤੇ ਦਿਖਾਵਾ ਜਿਹਾ ਹੀ ਬਣ ਜਾਂਦਾ ਹੈ ਜਦ ਤਕ ਔਰਤ ਖ਼ੁਦ ਅਪਣੀ ਪਛਾਣ ਅਤੇ ਰੁਤਬੇ ਨੂੰ ਨਹੀਂ ਜਾਣਦੀ, ਇਹ ਆਸ ਸੰਭਵ ਨਹੀਂ।
ਸੰਪਰਕ : 94640-20767

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman