ਬਹੁਤਾ ਸੰਗਾਊਪਣਾ ਚੰਗਾ ਨਹੀਂ ਹੁੰਦਾ

ਬਹੁਤਾ ਸੰਗਾਊਪਣਾ ਚੰਗਾ ਨਹੀਂ ਹੁੰਦਾ

January 09, 2017 09:59 PM



ਮੈਂ  1956 ਵਿਚ ਦਸਵੀਂ ਪਾਸ ਕੀਤੀ। ਮੇਰੀ 2 ਨੰਬਰਾਂ ਤੋਂ ਪਹਿਲੀ ਸ਼੍ਰੇਣੀ ਰਹਿ ਗਈ। ਕਾਲਜ ਵਿਚ ਦਾਖ਼ਲਾ ਲਿਆ। ਕਾਲਜ ਵਿਚ ਮੇਰੇ ਸਾਥੀ ਗੁਰਚਰਨ ਸਿੰਘ, ਮਲਕੀਤ ਸਿੰਘ ਅਤੇ ਪ੍ਰੀਤਮ ਸਿੰਘ ਸਨ। ਪ੍ਰੀਤਮ ਸਿੰਘ ਸੰਗਰੂਰ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ। ਅਸੀਂ ਵੀ ਕਦੇ-ਕਦੇ ਉਸ ਕੋਲ ਠਹਿਰਦੇ। ਅਸੀਂ ਤਿੰਨੇ ਸੁਨਾਮ ਆਉਂਦੇ ਸੀ। ਪ੍ਰੀਤਮ ਸਿੰਘ ਦਾ ਪਿੰਡ ਜਰਗੜੀ ਸੀ, ਪਰ ਉਸ ਦੇ ਪਿਤਾ ਸੁਨਾਮ ਕੋਲ ਪਿੰਡ ਨੀਲੋਵਾਲ ਕੋਠੀ ਵਿਖੇ ਓਵਰਸੀਅਰ ਸਨ। ਕਾਲਜ ਸਮੇਂ ਸਾਡੀ ਆਦਤ ਸੀ ਕਿ ਕੋਈ ਇਕੱਲਾ ਕਿਤੇ ਨਹੀਂ ਸੀ ਜਾਂਦਾ। ਕਿਸੇ ਨੇ ਕੰਮ, ਕਿਸੇ ਮੇਲੇ, ਕਿਸੇ ਰਿਸ਼ਤੇਦਾਰੀ ਜਾਂ ਵਾਕਫ਼ੀਅਤ ਵਿਚ ਜਾਣਾ ਹੁੰਦਾ ਤਾਂ ਅਸੀਂ ਸਾਥੀ ਨੂੰ ਜ਼ਰੂਰ ਨਾਲ ਲੈਂਦੇ। ਖ਼ਰਚੇ ਵਲੋਂ ਸਾਨੂੰ ਕੋਈ ਤੰਗੀ ਨਹੀਂ ਸੀ। ਮੇਰੀ ਜਮਾਤ ਵਿਚ ਸੱਭ ਤੋਂ ਵੱਧ ਕਪੜੇ ਮੇਰੇ ਕੋਲ ਸਨ, ਕਿਉਂਕਿ ਮੇਰੀ ਮਾਂ ਜੀ ਕਪੜਿਆਂ ਦੀ ਥੁੜ ਨਹੀਂ ਸੀ ਆਉਣ ਦਿੰਦੀ। ਪਰ ਮੈਂ ਸਾਰੀ ਉਮਰ ਸੰਗਾਊ ਹੀ ਰਿਹਾ।
ਇਕ ਦਿਨ ਮੈਨੂੰ ਘਰੋਂ ਕਿਹਾ ਗਿਆ ਕਿ ਪਿੰਡ ਜੇਠੂਕੇ ਜਾ ਕੇ ਇਕ ਪੁਰਾਣੀ ਰਿਸ਼ਤੇਦਾਰੀ ਵਿਚ ਸੁਨੇਹਾ ਦੇਵਾਂ। ਉਹ ਰਿਸ਼ਤੇਦਾਰੀ ਵਿਚ ਮੇਰੇ ਭਰਾ ਦੀ ਥਾਂ ਹੀ ਸੀ ਅਤੇ ਸ਼ਾਇਦ ਉਸ ਦਾ ਨਾਂ ਚੰਭਾ ਸਿੰਘ ਸੀ। ਉਸ ਸਮੇਂ ਟੈਲੀਫੋਨ ਜਾਂ ਮੋਬਾਈਲ ਵਰਗੀਆਂ ਸਹੂਲਤਾਂ ਨਹੀਂ ਸਨ ਹੁੰਦੀਆਂ। ਮੈਂ ਪ੍ਰੀਤਮ ਸਿੰਘ ਨੂੰ ਨਾਲ ਜਾਣ ਲਈ ਤਿਆਰ ਕਰ ਲਿਆ। ਉਸ ਸਮੇਂ ਉਸ ਉਮਰ ਵਿਚ ਹਰ ਨੌਜਵਾਨ ਤੁਰ ਫਿਰ ਕੇ ਖ਼ੁਸ਼ ਹੁੰਦਾ ਸੀ। ਅਸੀਂ ਕਾਲਜ ਤੋਂ 10 ਕੁ ਵਜੇ ਚਲ ਪਏ। ਬਰਨਾਲੇ ਬੱਸ ਰਾਹੀਂ ਹੀ ਪੁੱਜੇ। ਉੱਥੇ ਇਕ ਸਿਨੇਮਾ ਵਿਚ 'ਮੁਗ਼ਲ-ਏ-ਆਜ਼ਮ' ਫ਼ਿਲਮ ਲੱਗੀ ਹੋਈ ਸੀ। ਉਸ ਸਮੇਂ ਨੌਜਵਾਨਾਂ ਵਿਚ ਮਧੂਬਾਲਾ ਦਾ ਨਾਂ ਪ੍ਰਚੱਲਤ ਸੀ। ਦਲੀਪ ਕੁਮਾਰ ਦਾ ਨਾਂ ਸਿਖ਼ਰ ਛੋਹ ਰਿਹਾ ਸੀ। ਅਸੀਂ ਸਮੋਸੇ ਅਤੇ ਚਾਹ ਨਾਲ ਤਸੱਲੀ ਕਰ ਲਈ। ਹਾਲ ਪੂਰਾ ਭਰਿਆ ਹੋਇਆ ਸੀ। ਟਿਕਟ ਵੀ ਪਹਿਲੇ ਦਰਜੇ ਦੀ ਕਟਾਈ। ਮੈਨੂੰ ਇਕ ਗੱਲ ਨਹੀਂ ਭੁਲਦੀ। ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਦੋਹਰਾ, ਉਨ੍ਹਾਂ ਦੀ ਤਸਵੀਰ ਨਾਲ ਹਾਲ ਵਿਚ ਗੂੰਜਿਆ:
ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ।
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ।
ਹੋਰ ਕਿਸੇ ਸਿਨੇਮਾ ਵਿਚ ਮੈਂ ਇਹ ਨਹੀਂ ਵੇਖਿਆ। ਫ਼ਿਲਮ ਖ਼ਤਮ ਹੋਣ ਮਗਰੋਂ 'ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ।' ਵੀ ਸੁਣਿਆ ਗਿਆ। ਅਸੀਂ ਫਿਲਮ ਦੀ ਸਮੀਖਿਆ ਕਰਦੇ ਸਟੇਸ਼ਨ ਪੁੱਜ ਗਏ।
ਪ੍ਰੀਤਮ ਸਿੰਘ ਟਿਕਟ ਲੈਣਾ ਜ਼ਰੂਰੀ ਨਹੀਂ ਸੀ ਸਮਝਦਾ। ਪਰ ਮੈਂ ਦੋ ਟਿਕਟ ਜੇਠੂਕੇ ਦੇ ਲੈ ਲਏ। ਗੱਡੀ ਚੱਲਣ ਤੋਂ ਪਹਿਲਾਂ ਅੱਧਾ ਘੰਟਾ ਸਟੇਸ਼ਨ ਉਤੇ ਘੁੰਮਣ ਦਾ ਸ਼ੁਗਲ ਕੀਤਾ। ਅਸੀਂ ਸੂਰਜ ਛਿਪਣ ਸਾਰ ਜੇਠੂਕੇ ਦੇ ਸਟੇਸ਼ਨ ਪਹੁੰਚ ਗਏ। ਘਰ ਬਾਰੇ ਮੈਨੂੰ ਦਸਿਆ ਗਿਆ ਸੀ ਕਿ ਉਹ ਪਿੰਡ ਦੇ ਛਿਪਦੇ ਪਾਸੇ ਨੇੜੇ ਹੀ ਸੀ। ਛੱਟੀਆਂ ਦਾ ਢੇਰ ਪਿਆ ਸੀ ਅਤੇ ਨਾਲ ਇਕ ਗੱਡਾ ਵੀ ਖੜਾ ਵੇਖਿਆ। ਪੁਰਾਣੇ ਦਰਵਾਜ਼ੇ ਹੁੰਦੇ ਸਨ। ਅਕਸਰ ਜ਼ਿਮੀਂਦਾਰ ਭਰੇ ਹੋਏ ਗੱਡੇ ਖੜੇ ਕਰਨ ਲਈ ਵਰਤਦੇ। ਪਰ ਉਹ ਹੋਰ ਕੰਮ ਨਹੀਂ ਸੀ ਆਉਂਦਾ। ਚੰਭਾ ਸਿੰਘ ਦੀ ਪਤਨੀ ਨੇ ਮੈਨੂੰ ਪਛਾਣ ਲਿਆ ਅਤੇ ਬੈਠਣ ਲਈ ਕਿਹਾ ਤਾਂ ਮੈਂ ਦਸਿਆ ਕਿ ਪਰਸੋਂ ਮੇਰੀ ਮਾਂ ਜੀ ਨੇ ਬਰਨਾਲੇ ਆਉਣਾ ਹੈ। ਉਨ੍ਹਾਂ ਨੂੰ ਤੁਸੀਂ ਬਰਨਾਲੇ ਮਿਲੋ। ਦਿਨ ਡੁੱਬ ਗਿਆ, ਪਰ ਅਜੇ ਹਨੇਰਾ ਨਹੀਂ ਸੀ ਹੋਇਆ। ਉਨ੍ਹਾਂ ਨੇ ਮੈਨੂੰ ਕਿਹਾ, ''ਰੋਟੀ ਖਾਉਗੇ?'' ਮੈਂ ਅਜੇ ਜਵਾਬ ਦੇਣਾ ਹੀ ਸੀ ਕਿ ਪ੍ਰੀਤਮ ਸਿੰਘ ਨੇ ਕਿਹਾ, ''ਅਸੀਂ ਬਰਨਾਲੇ ਤੋਂ ਚਾਹ ਪੀ ਕੇ ਆਏ ਹਾਂ।'' ਉਸ ਬੀਬੀ ਨੇ ਮੁੜ ਨਾ ਪੁਛਿਆ। ਸਾਡੇ ਲਈ ਚੌੜੇ ਮੰਜੇ ਬਾਹਰ ਡਾਹ ਦਿਤੇ ਗਏ ਅਤੇ ਚੰਗੇ ਬਿਸਤਰੇ ਵੀ ਵਿਛਾ ਦਿਤੇ ਗਏ। ਬਿਸਤਰੇ ਸਮੇਂ ਅਨੁਸਾਰ ਵਧੀਆ ਅਤੇ ਨਵੇਂ ਸਨ। ਖੱਦਰ ਦੀਆਂ ਮੋਟੀਆਂ-ਮੋਟੀਆਂ ਰਜਾਈਆਂ ਜਿਨ੍ਹਾਂ ਵਿਚ 4-5 ਕਿਲੋ ਰੂੰ ਹੋਏਗੀ। ਸਾਡੇ ਮੰਜਿਆਂ ਵਿਚਕਾਰ ਪਾਣੀ ਦਾ ਡੋਲੂ ਅਤੇ ਦੋ ਗਲਾਸ ਪਾਲੀ ਦੇ ਰੱਖ ਦਿਤੇ। ਅਸੀਂ ਪਏ ਪਏ ਅਪਣੇ ਸੰਗਾਊਪੁਣੇ ਦੀਆਂ ਗੱਲਾਂ ਕਰਦੇ ਉਸ ਬੀਬੀ ਬਾਰੇ ਸੋਚਦੇ ਰਹੇ। ਪ੍ਰਤੀਤ ਹੁੰਦਾ ਸੀ ਕਿ ਚੰਭਾ ਸਿੰਘ ਦੀ ਪਤਨੀ ਰੋਟੀ ਪਕਾਉਣ ਤੋਂ ਗੁਰੇਜ਼ ਕਰਦੀ ਸੀ।
ਅਸੀਂ ਭੁੱਖੇ ਪਏ, ਮੋਟੀਆਂ-ਮੋਟੀਆਂ ਰਜਾਈਆਂ ਲਈਆਂ ਸਨ। ਪ੍ਰੀਤਮ ਸਿੰਘ ਮੂੰਹ ਕੱਢ ਕੇ ਕਹਿਣ ਲਗਿਆ, ''ਮੈਂ ਤਾਂ ਰੂੰ ਹੀ ਖਾ ਲੈਂਦਾ ਹਾਂ।'' ਅਸੀਂ ਹਸਦੇ-ਹਸਦੇ ਭੁੱਖੇ ਹੀ ਸੌਂ ਗਏ। ਗੂੜ੍ਹੀ ਨੀਂਦ ਆਈ। ਰਾਤ ਨੂੰ ਭੁੱਖ ਪ੍ਰਤੀਤ ਹੀ ਨਾ ਹੋਈ। ਸਵੇਰੇ ਅਜੇ ਸੂਰਜ ਨਹੀਂ ਸੀ ਨਿਕਲਿਆ, ਤਾਂ ਭਾਈ ਸਾਹਿਬ ਨੇ 3-4 ਕਿਲੋ ਚਾਹ ਦਾ ਭਰਿਆ ਡੋਲੂ ਸਾਡੇ ਮੰਜਿਆਂ ਦੇ ਵਿਚਕਾਰ ਰੱਖ ਦਿਤਾ ਅਤੇ ਕਿਹਾ, ''ਰਾਤ ਤੁਸੀਂ ਸੌਂ ਰਹੇ ਸੀ ਤਾਂ ਮੈਂ ਕੋਈ ਗੱਲ ਨਾ ਕੀਤੀ।'' ਅਸੀਂ ਡੋਲੂ ਵਿਚੋਂ ਚਾਹ ਪਾ-ਪਾ ਕੇ ਪੀਂਦੇ ਰਹੇ, ਉਹ ਗੱਲਾਂ ਕਰਦਾ ਰਿਹਾ ਅਤੇ ਸੁਨੇਹਾ ਦੂਜੀ ਵਾਰੀ ਫਿਰ ਦੇ ਦਿਤਾ। ਜਦੋਂ ਉਹ ਉੱਠ ਕੇ ਜਾਣ ਲਗਿਆ ਤਾਂ ਅਸੀਂ ਵੇਖਿਆ ਕਿ ਉਸ ਨੇ ਅਪਣਾ ਗਲਾਸ ਪ੍ਰੀਤਮ ਸਿੰਘ ਦੇ ਮੰਜੇ ਦੇ ਸਿਰਹਾਣੇ ਵਲੋਂ ਚੁਕਿਆ। ਸਾਨੂੰ ਉਸ ਦੇ ਗਲਾਸ ਦਾ ਪਤਾ ਉਸ ਦੇ ਚੁੱਕਣ ਤੇ ਹੀ ਲਗਿਆ, ਸਾਡੀਆਂ ਨਜ਼ਰਾਂ ਮਿਲੀਆਂ ਤੇ ਅਸੀਂ ਨਜ਼ਰਾਂ ਵਿਚ ਹੀ ਹੱਸ ਪਏ। ਮਹਿਸੂਸ ਤਾਂ ਹੋਇਆ, ਜੇਕਰ ਇਹ ਵੀ ਚਾਹ ਪੀ ਲੈਂਦਾ ਚੰਗਾ ਸੀ। ਕਪੜੇ ਪਾ ਕੇ ਅਸੀਂ ਸਟੇਸ਼ਨ ਵਲ ਚਲ ਪਏ ਅਤੇ ਹੱਸ-ਹੱਸ ਕੇ ਦੂਹਰੇ ਹੁੰਦੇ ਰਹੇ। ਸਾਡਾ ਰੋਟੀ ਦਾ ਪਛਤਾਵਾ ਉਤਰ ਗਿਆ। ਪਿਛੋਂ ਮੇਰੀ ਮਾਂ ਜੀ ਨੇ ਉਨ੍ਹਾਂ ਨੂੰ ਉਲਾਂਭਾ ਦਿਤਾ ਕਿ ਤੁਸੀਂ ਮੁੰਡਿਆਂ ਨੂੰ ਰੋਟੀ ਵੀ ਨਾ ਖਵਾ ਸਕੇ? ਤਾਂ ਸਰਦਾਰਨੀ ਨੇ ਉਨ੍ਹਾਂ ਨੂੰ ਕਿਹਾ, ''ਹਾਏ ਮੇਰਾ ਦਿਉਰ ਭੁੱਖਾ ਹੀ ਰਿਹਾ?'' ਉਸ ਦਾ ਕਸੂਰ ਸ਼ਾਇਦ ਇਹੋ ਹੀ ਸੀ ਕਿ ਕਈ ਜ਼ਨਾਨੀਆਂ ਰੋਟੀ ਪਕਾਉਣ ਤੋਂ ਸੰਕੋਚ ਕਰਦੀਆਂ ਹਨ।
ਕਸੂਰ ਤਾਂ ਮੇਰਾ ਵੀ ਸੀ। ਮੈਨੂੰ ਕਹਿ ਦੇਣਾ ਚਾਹੀਦਾ ਸੀ ਕਿ ਰੋਟੀ ਖਾਵਾਂਗੇ। ਜਦਕਿ ਮੇਰੇ ਨਾਲ ਮੇਰਾ ਦੋਸਤ ਪ੍ਰੀਤਮ ਸਿੰਘ ਵੀ ਭੁੱਖਾ ਰਿਹਾ। ਜ਼ਿਆਦਾ ਸੰਗਾਊਪੁਣਾ ਚੰਗਾ ਨਹੀਂ ਹੁੰਦਾ। ਇਸ ਵਿਚ ਮੇਰਾ ਬਹੁਤਾ ਕਸੂਰ ਤਾਂ ਨਹੀਂ ਸੀ, ਪਰ ਜਵਾਬਦੇਹ ਮੈਂ ਵੀ ਸਾਂ। ਮੈਂ ਸਾਰੀ ਜ਼ਿੰਦਗੀ ਵਿਚ ਕਿਸੇ ਔਰਤ ਨੂੰ ਪਹਿਲਾਂ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬਸ਼ਰਤੇ ਕਿ ਉਹ ਮੇਰੀ ਮਾਤਹਿਤ ਜਾਂ ਮੇਰੇ ਕੰਮ ਨਾਲ ਸਬੰਧਤ ਨਾ ਹੋਵੇ। ਮੈਨੂੰ ਕਈ ਬੀਬੀਆਂ ਨੇ ਕਿਹਾ ਕਿ 'ਤੂੰ ਪਹਿਲ ਕਰਨੀ ਨਹੀਂ ਜਾਣਦਾ। ਤੈਨੂੰ ਪਹਿਲ ਕਰਨੀ ਆਉਂਦੀ ਹੀ ਨਹੀਂ।' ਸੱਚਾਈ ਹੈ ਕਿ ਮੈਨੂੰ ਪਹਿਲ ਕਰਨੀ ਨਹੀਂ ਆਉਂਦੀ, ਜੇ ਕਰਾਂ ਤਾਂ ਗ਼ਲਤ ਹੋ ਜਾਂਦੀ ਹੈ। ਪਰ ਭੁੱਖੇ ਰਹਿਣ ਨਾਲੋਂ ਪਹਿਲ ਕਰਨੀ ਠੀਕ ਸੀ। ਸੰਗਾਊਪਣੇ ਦਾ ਮੇਰੀ ਸਾਰੀ ਜ਼ਿੰਦਗੀ ਹੀ ਅਸਰ ਰਿਹਾ।
ਮੋਬਾਈਲ : 98150-37279

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman