ਨੋਟਬੰਦੀ : ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਤੋਂ ਸ਼ੁਰੂਆਤ ਕਰਨੀ ਪਵੇਗੀ (2)  (ਲੜੀ ਜੋੜਨ ਲਈ ਕਲ ਦਾ ਅੰਕ ਵੇਖੋ)

ਨੋਟਬੰਦੀ : ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਤੋਂ ਸ਼ੁਰੂਆਤ ਕਰਨੀ ਪਵੇਗੀ (2) (ਲੜੀ ਜੋੜਨ ਲਈ ਕਲ ਦਾ ਅੰਕ ਵੇਖੋ)

January 06, 2017 09:48 PM

ਨੋਟਬੰਦੀ : ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਤੋਂ ਸ਼ੁਰੂਆਤ ਕਰਨੀ ਪਵੇਗੀ (2)

(ਲੜੀ ਜੋੜਨ ਲਈ ਕਲ ਦਾ ਅੰਕ ਵੇਖੋ)

ਕੀ  ਮੋਦੀ ਸਰਕਾਰ ਨੋਟਬੰਦੀ ਕੀਤੇ ਬਿਨਾਂ ਕਾਲਾ ਧਨ ਫੜਨ ਦੇ ਯੋਗ ਨਹੀਂ ਹੈ? ਸਰਕਾਰ ਦੀਆਂ ਸੂਹੀਆ ਏਜੰਸੀਆਂ ਇਨਕਮ ਟੈਕਸ ਵਿਭਾਗ, ਸੀ.ਬੀ.ਆਈ., ਇਨਫ਼ੋਰਸਮੈਂਟ ਡਾਇਰੈਕਟੋਰੇਟ, ਸੀ.ਆਈ.ਡੀ. ਵਿਭਾਗ ਸੱਭ ਅਧਰੰਗ ਦੇ ਮਰੀਜ਼ ਹਨ ਜੋ ਦੇਸ਼ ਦੇ ਕਾਲੇ ਧਨ ਦੇ ਸੌਦਾਗਰਾਂ ਨੂੰ ਫੜ ਨਹੀਂ ਸਨ ਸਕਦੇ। ਜਦੋਂ 500-500 ਕਰੋੜ ਰੁਪਏ ਦੀਆਂ ਸ਼ਾਦੀਆਂ ਹੁੰਦੀਆਂ ਹਨ, ਚੋਣਾਂ ਵਿਚ ਅਰਬਾਂ-ਖਰਬਾਂ ਰੁਪਏ ਵੰਡੇ, ਖ਼ਰਚੇ ਜਾਂਦੇ ਹਨ, ਕਰੋੜਾਂ ਰੁਪਏ ਦੀਆਂ ਪਾਰਟੀਆਂ ਹੁੰਦੀਆਂ ਹਨ, ਉਦੋਂ ਸਰਕਾਰ ਸੁੱਤੀ ਕਿਉਂ ਰਹਿੰਦੀ ਹੈ? ਕੀ ਮੁੱਠੀ ਭਰ ਲੋਕਾਂ ਦੇ ਕਾਲੇ ਧਨ ਨੂੰ ਫੜਨ ਲਈ ਸਾਰੇ ਦੇਸ਼ ਦੀ ਜਨਤਾ ਨੂੰ ਸਜ਼ਾ ਦੇਣ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਉਸ ਤੋਂ ਵੱਡਾ ਦੁੱਖ ਤਾਂ ਇਹ ਹੈ ਕਿ ਦੇਸ਼ਭਗਤਾਂ ਦੇ 50 ਦਿਨ ਦੁੱਖ ਸਹਿਣ ਤੋਂ ਬਾਅਦ ਵੀ ਕਾਲੇ ਧਨ ਦੇ ਨਾਂ ਤੇ ਦੇਸ਼ ਦੀ ਝੋਲੀ ਖ਼ਾਲੀ ਹੈ। ਫੜਿਆ ਗਿਆ ਕਾਲਾ ਧਨ ਦੇਸ਼ ਦੀ ਕੁਲ ਕਰੰਸੀ ਦੇ ਅਨੁਪਾਤ ਵਿਚ ਕਿਤੇ ਵੀ ਨਹੀਂ ਠਹਿਰਦਾ।
ਅਸਲ ਗੱਲ ਇਹ ਹੈ ਕਿ ਕਿਸੇ ਵੀ ਸਰਕਾਰ ਦੀ ਕਾਲੇ ਧਨ ਨੂੰ ਫੜਨ ਦੀ ਇੱਛਾਸ਼ਕਤੀ ਨਹੀਂ ਹੈ ਕਿਉਂਕਿ ਸਰਕਾਰਾਂ, ਰਾਜਨੀਤਕ ਪਾਰਟੀਆਂ ਚਲਦੀਆਂ ਹੀ ਕਾਲੇ ਧਨ ਦੇ ਸਹਾਰੇ ਹਨ। ਜਦੋਂ ਸਰਕਾਰਾਂ ਬਣਾਉਣ ਲਈ ਅਰਬਾਂ ਰੁਪਏ ਦੇ ਕੇ ਐਮ.ਐਲ.ਏ. ਅਤੇ ਐਮ.ਪੀ. ਖ਼ਰੀਦੇ ਜਾਂਦੇ ਹਨ ਤਾਂ ਉਹ ਧਨ ਕਿਹੜਾ ਹੁੰਦਾ ਹੈ? 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਰਬਾਂ ਰੁਪਏ ਦੇ ਖ਼ਰਚ ਵਾਲੀਆਂ ਮੋਦੀ ਦੀਆਂ ਰੈਲੀਆਂ ਦਾ ਪ੍ਰਬੰਧ ਕਾਲੇ ਧਨ ਤੋਂ ਬਗ਼ੈਰ ਹੋ ਗਿਆ ਸੀ? ਪ੍ਰਧਾਨ ਮੰਤਰੀ ਮੋਦੀ ਵਲੋਂ ਚੋਣਾਂ ਦੌਰਾਨ ਵਰਤੇ ਗਏ ਹੈਲੀਕਾਪਟਰ, ਚਾਰਟਰਡ ਪਲੇਨ ਦਾ ਖ਼ਰਚਾ ਕਿੱਥੇ ਪਾਇਆ ਗਿਆ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਦਿਤੇ ਬਿਨਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਕਾਲੇ ਧਨ ਵਿਰੁਧ ਵਿੱਢੀ ਗਈ ਮੁਹਿੰਮ ਬੇਅਰਥ ਹੈ। ਸਾਰਾ ਦੇਸ਼ ਜਾਣਦਾ ਹੈ ਕਿ ਉਨ੍ਹਾਂ ਰੈਲੀਆਂ, ਹੈਲੀਕਾਪਟਰਾਂ ਦਾ ਪ੍ਰਬੰਧ ਕਿਸ ਨੇ ਕੀਤਾ ਸੀ। ਇਸ ਨੋਟਬੰਦੀ ਦਾ ਅਸਲ ਮਕਸਦ ਕੀ ਹੈ ਇਹ ਤਾਂ ਸਿਰਫ਼ ਮੋਦੀ ਅਤੇ ਉਸ ਦੇ ਸਾਥੀ ਹੀ ਜਾਣਦੇ ਹਨ ਪਰ ਘੱਟੋ-ਘੱਟ ਉਹ ਨਹੀਂ ਹੈ ਜਿਸ ਦਾ ਢੰਡੋਰਾ ਸਰਕਾਰ ਸੰਘ ਪਾੜ-ਪਾੜ ਕੇ ਪਿੱਟ ਰਹੀ ਹੈ। ਜੇਕਰ ਸਚਮੁਚ ਹੀ ਸਰਕਾਰ ਦੀ ਮਨਸ਼ਾ ਕਾਲਾ ਧਨ ਖ਼ਤਮ ਕਰਨ ਦੀ ਹੁੰਦੀ ਤਾਂ 50 ਦਿਨ ਦੀ ਥਾਂ 7 ਦਿਨ ਹੀ ਕਾਫ਼ੀ ਸਨ ਰੁਪਏ ਜਮ੍ਹਾਂ ਕਰਵਾਉਣ ਲਈ ਬਸ਼ਰਤੇ ਬੈਂਕਾਂ ਵਿਚ ਨਵੀਂ ਕਰੰਸੀ ਲੋੜ ਅਨੁਸਾਰ ਹੁੰਦੀ। ਪਰ ਸ਼ਾਇਦ ਅਰਵਿੰਦ ਕੇਜਰੀਵਾਲ ਦੇ ਕਹਿਣ ਅਨੁਸਾਰ ਸਰਕਾਰ ਦੀ ਮਨਸ਼ਾ ਤਾਂ ਬੈਂਕਾਂ ਦੇ ਘਾਟੇ ਪੂਰੇ ਕਰਨ ਅਤੇ ਵੱਡੇ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਹੈ। ਇਸ ਦਾ ਫ਼ੈਸਲਾ ਆਉਣ ਵਾਲੇ ਸਮੇਂ ਨੇ ਕਰ ਹੀ ਦੇਣਾ ਹੈ।
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਹੁਤ ਵੱਡਾ ਜਨ ਸਮਰਥਨ ਮਿਲਿਆ ਅਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਤਾਂ ਦੇਸ਼ ਦੇ ਵੱਡੇ ਹਿੱਸੇ ਨੂੰ ਉਮੀਦ ਸੀ ਕਿ ਨਰਿੰਦਰ ਮੋਦੀ ਰਾਜਨੀਤੀ ਵਿਚ ਨਵੀਆਂ ਪੈੜਾਂ ਪਾਵੇਗਾ। ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਜਾ ਰਿਹਾ ਹੈ, ਪ੍ਰਧਾਨ ਮੰਤਰੀ ਦੀ ਸ਼ਖ਼ਸੀਅਤ ਦੀ ਚੁੰਬਕੀ ਖਿੱਚ ਘਟਦੀ ਜਾ ਰਹੀ ਹੈ। ਹੁਣ ਨੋਟਬੰਦੀ ਤੋਂ ਬਾਅਦ ਜਿਵੇਂ ਪ੍ਰਧਾਨ ਮੰਤਰੀ ਬੇਨਾਮੀ ਜਾਇਦਾਦ ਬੈਂਕ ਖਾਤਿਆਂ ਦੀ ਜਾਂਚ-ਪੜਤਾਲ ਅਤੇ ਹੋਰ ਸਖ਼ਤੀ ਦੀ ਗੱਲ ਕਰ ਰਹੇ ਹਨ ਤਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਕੰਮ ਪਾਣੀ ਵਿਚ ਮਧਾਣੀ ਵਾਂਗ ਪ੍ਰਤੀਤ ਹੁੰਦੇ ਹਨ। ਬੇਨਾਮੀ ਜਾਇਦਾਦ, ਬੈਂਕ ਖਾਤਿਆਂ ਦੀ ਜਾਂਚ-ਪੜਤਾਲ ਕਿਸ ਨੇ ਕਰਨੀ ਹੈ? ਜੇ ਤਾਂ ਕਿਸੇ ਅਰਸ਼ੋਂ ਉਤਰੇ ਸਟਾਫ਼ ਨੇ ਇਹ ਕੰਮ ਕਰਨਾ ਹੈ ਫਿਰ ਤਾਂ ਮੁਬਾਰਕ ਪਰ ਜੇ ਸਾਡੇ ਦੇਸ਼ ਦੇ ਭ੍ਰਿਸ਼ਟ ਬਾਬੂਆਂ ਨੇ ਹੀ ਇਹ ਜਾਂਚ-ਪੜਤਾਲ ਕਰਨੀ ਹੈ ਤਾਂ ਫਿਰ ਦੇਸ਼ ਦਾ ਖਰਬਾਂ ਰੁਪਿਆ ਜਾਂਚ-ਪੜਤਾਲ ਦੇ ਨਾਂ ਤੇ ਨਸ਼ਟ ਨਾ ਕੀਤਾ ਜਾਵੇ, ਕਿਉਂਕਿ ਇਹ ਲੋਕਾਂ ਦੇ ਖ਼ੂਨ-ਪਸੀਨੇ ਦੀ ਕਮਾਈ ਹੈ। ਇਤਿਹਾਸ ਗਵਾਹ ਹੈ ਕਿ ਭਾਰਤ ਵਿਚ ਜਦੋਂ-ਜਦੋਂ ਸਖ਼ਤੀ ਵਧਾਈ ਗਈ ਹੈ, ਰਿਸ਼ਵਤ ਦੇ ਰੇਟ ਕਈ ਗੁਣਾਂ ਵਧੇ ਹਨ। ਸਰਕਾਰ ਨੂੰ ਕਦੇ ਫ਼ਾਇਦਾ ਨਹੀਂ ਹੋਇਆ। ਸੱਭ ਤੋਂ ਵੱਧ ਬੇਨਾਮੀ ਜਾਇਦਾਦ ਭ੍ਰਿਸ਼ਟ ਨੇਤਾਵਾਂ, ਭ੍ਰਿਸ਼ਟ ਅਫ਼ਸਰਸ਼ਾਹਾਂ ਤੇ ਵੱਡੇ ਘਰਾਣਿਆਂ ਕੋਲ ਹੈ। ਨੇਤਾਵਾਂ ਅਤੇ ਅਫ਼ਸਰਸ਼ਾਹਾਂ ਦਾ ਗਠਜੋੜ ਇਕ-ਦੂਜੇ ਦਾ ਪੂਰਕ ਹੈ। ਅਜਕਲ ਤਾਂ ਇਹ ਗੱਲਾਂ ਆਮ ਹੁੰਦੀਆਂ ਹਨ ਕਿ ਭਾਰਤੀ ਲੋਕਾਂ ਦੇ ਖ਼ੂਨ ਵਿਚ ਭ੍ਰਿਸ਼ਟਾਚਾਰ ਸਮਾ ਗਿਆ ਹੈ ਅਤੇ ਇਹ ... ਸੱਚ ਵੀ ਹੈ। ਐਵੇਂ ਭਾਰਤੀਆਂ ਨੂੰ ਪਤਿਆਉਣ ਲਈ ਜੋ ਮਰਜ਼ੀ ਕਹੀ ਜਾਈਏ ਪਰ ਬਹੁਤਾ ਭਾਰਤੀ ਮਾਲ ਵਿਕਾਊ ਹੈ। ਮੁੱਲ ਪੂਰਾ ਮਿਲਣਾ ਚਾਹੀਦਾ ਹੈ ਪਰ ਜੇ ਮੁੱਲ ਉਮੀਦ ਤੋਂ ਵੀ ਵੱਧ ਮਿਲਦਾ ਹੋਵੇ ਤਾਂ ਇਹ ਭ੍ਰਿਸ਼ਟ ਬਾਬੂ ਨੇਤਾਵਾਂ ਅਤੇ ਵਪਾਰੀਆਂ ਦੇ ਤਲੇ ਚਟਦੇ ਸਮਾਜ ਵਿਚ ਆਮ ਵੇਖੀਦੇ ਹਨ। ਇਹੋ-ਜਿਹੇ ਭ੍ਰਿਸ਼ਟ ਢਾਂਚੇ ਦੇ ਹੁੰਦਿਆਂ ਨੇਤਾਵਾਂ ਅਤੇ ਅਫ਼ਸਰਸ਼ਾਹਾਂ ਦੀ ਜਾਂਚ-ਪੜਤਾਲ ਦੇ ਕੀ ਅਰਥ ਹਨ? ਵਾਪਰ ਰਹੇ ਇਹੋ-ਜਿਹੇ ਘਟਨਾਕ੍ਰਮ ਨੂੰ ਵੇਖ ਕੇ ਬਹੁਤੇ ਭਾਰਤੀ ਨਰਿੰਦਰ ਮੋਦੀ ਦੀ ਚੋਣ ਕਰਨ ਤੇ ਅਪਣੇ-ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਤਕਨੀਕ ਦੇ ਸ਼ਬਦਾਂ ਦਾ ਜਾਦੂਗਰ ਪ੍ਰਤੀਤ ਹੁੰਦਾ ਹੈ ਜਿਸ ਨੇ ਨਵੇਂ-ਨਵੇਂ 'ਆਈਡੀਏ' ਤੇ ਰਾਜਨੀਤੀ ਕੀਤੀ ਹੈ। ਜਿਵੇਂ ਸਵੱਛ ਭਾਰਤ, ਮੇਕ ਇਨ ਇੰਡੀਆ, ਡਿਜੀਟਲ ਇੰਡੀਆ ਤੇ ਹੁਣ ਕੈਸ਼ਲੈੱਸ ਇੰਡੀਆ।
ਹੋ ਸਕਦਾ ਹੈ ਮੈਂ ਗ਼ਲਤ ਹੋਵਾਂ ਕਿਉਂਕਿ ਸਾਡੇ ਭਾਰਤੀਆਂ ਦੀ ਮਾਨਸਿਕਤਾ ਨੂੰ ਸਮਝਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਹੋ ਸਕਦਾ ਹੈ 2019 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਹੁਣ ਨਾਲੋਂ ਵੀ ਵੱਧ ਸੀਟਾਂ ਲੈ ਕੇ ਸਰਕਾਰ ਵਿਚ ਆ ਜਾਣ। ਇਸ ਦੀ ਤਾਜ਼ਾ ਉਦਾਹਰਣ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਹੈ। ਕਈ ਸਾਲ ਪਹਿਲਾਂ ਜਦੋਂ ਤਾਮਿਲਨਾਡੂ ਦੀ ਡੀ.ਐਮ.ਕੇ. ਸਰਕਾਰ ਨੇ ਜੈਲਲਿਤਾ ਦੇ ਘਰ ਛਾਪੇ ਮਾਰੇ ਤਾਂ ਭਾਰਤ ਵਾਸੀਆਂ ਦੇ ਮੂੰਹ ਅੱਡੇ ਰਹਿ ਗਏ। ਜਦੋਂ ਜੈਲਲਿਤਾ ਦੇ ਘਰੋਂ ਮਣਾਂ ਮੂੰਹੀਂ ਸੋਨਾ-ਚਾਂਦੀ, ਨਕਦੀ, 10000 ਸਾੜ੍ਹੀਆਂ, 7000 ਸੈਂਡਲ ਮਿਲੇ ਤਾਂ ਹਰ ਭਾਰਤ ਵਾਸੀ ਦੀ ਜ਼ੁਬਾਨ ਉਤੇ ਸੀ ਕਿ ਜੈਲਲਿਤਾ ਦਾ ਰਾਜਨੀਤਕ ਜੀਵਨ ਖ਼ਤਮ ਹੋ ਗਿਆ। ਜੇਕਰ ਤੁਸੀ 10000 ਸਾੜ੍ਹੀਆਂ ਦਾ ਹਿਸਾਬ ਲਾਵੋ ਤਾਂ ਜਿਹੜੀ ਸਾੜ੍ਹੀ ਉਸ ਨੇ 1 ਜਨਵਰੀ ਨੂੰ ਪਹਿਨੀ ਸੀ ਉਸ ਸਾੜ੍ਹੀ ਦਾ ਦੁਬਾਰਾ ਨੰਬਰ 30 ਸਾਲ ਬਾਅਦ ਆਵੇਗਾ। ਪਰ ਉਹੀ ਜੈਲਲਿਤਾ ਉਸ ਤੋਂ ਬਾਅਦ 2 ਵਾਰ ਮੁੱਖ ਮੰਤਰੀ ਬਣੀ। ਪਿਛਲੇ ਦਿਨੀਂ ਜਦ ਉਹ ਰੱਬ ਨੂੰ ਪਿਆਰੀ ਹੋ ਗਈ ਤਾਂ ਉਸ ਦੇ ਪਿਆਰਿਆਂ ਦੀ ਹਾਲਤ ਵੇਖਣ ਵਾਲੀ ਸੀ। 50 ਦੇ ਕਰੀਬ ਤਾਮਿਲ ਵਾਸੀ ਉਸ ਦੀ ਮੌਤ ਦੇ ਸਦਮੇ ਵਿਚ ਮਰ ਗਏ। ਸੈਂਕੜੇ ਹਜ਼ਾਰਾਂ ਨੇ ਮੁੰਡਨ ਕਰਵਾਏ। ਜਿਵੇਂ ਔਰਤਾਂ ਅਤੇ ਮਰਦ ਛਾਤੀਆਂ ਪਿੱਟ ਰਹੇ ਸਨ, ਉਸ ਨੂੰ ਵੇਖ ਕੇ ਜੈਲਲਿਤਾ ਦੀ ਸ਼ਖਸੀਅਤ ਇਕ ਬਹੁਤ ਵੱਡੀ ਬੁਝਾਰਤ ਲਗਦੀ ਹੈ।
ਇਸ ਦੇ ਨਾਲ ਹੀ ਤਸਵੀਰ ਦਾ ਦੂਜਾ ਪੱਖ, ਜਿਸ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਕੀ ਪੰਜਾਬ ਵਿਚ ਵੀ ਕੋਈ ਅਜਿਹਾ ਨੇਤਾ ਹੈ ਜਿਸ ਨੂੰ ਪੰਜਾਬੀ ਐਨਾ ਪਿਆਰ ਕਰਦੇ ਹੋਣ? ਸਾਡੇ ਤਾਂ ਕਿਸੇ ਨੇਤਾ ਦੇ ਮਰਨ ਤੇ ਇਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਚਲੋ ਚੰਗਾ ਹੋਇਆ, ਪੰਜਾਬ ਦਾ ਖਹਿੜਾ ਛੁਟਿਆ। ਜੈਲਲਿਤਾ ਦੇ ਜੀਵਨ ਤੋਂ ਸਾਡੇ ਪੰਜਾਬੀ ਨੇਤਾਵਾਂ ਨੂੰ ਇਹ ਗੱਲ ਸਿਖ ਲੈਣੀ ਚਾਹੀਦੀ ਹੈ ਕਿ ਠੀਕ ਹੈ ਅਪਣਾ ਘਰ ਵੀ ਭਰੋ ਪਰ ਅਪਣੇ ਲੋਕਾਂ, ਅਪਣੇ ਸੂਬੇ, ਅਪਣੀ ਮਾਂ ਬੋਲੀ, ਅਪਣੇ ਸਭਿਆਚਾਰ ਲਈ ਰਾਜਨੀਤੀ ਤੋਂ ਉੱਪਰ ਉਠ ਕੇ ਸੰਘਰਸ਼ ਕਰੋ। ਸਾਡੇ ਪੰਜਾਬੀ ਲੀਡਰ ਇਸ ਪੱਖ ਤੋਂ ਵੀ ਬੌਣੇ ਨਜ਼ਰ ਆਉਂਦੇ ਹਨ।  (ਸਮਾਪਤ)
ਸੰਪਰਕ : 98721-64222

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman