ਭਾਰਤ-ਪਾਕਿ ਪਾਣੀ ਸਮਝੌਤਾ ਤੋੜਨ ਦੇ ਲਾਭ ਥੋੜ੍ਹੇ ਅਤੇ ਨੁਕਸਾਨ ਜ਼ਿਆਦਾ

ਭਾਰਤ-ਪਾਕਿ ਪਾਣੀ ਸਮਝੌਤਾ ਤੋੜਨ ਦੇ ਲਾਭ ਥੋੜ੍ਹੇ ਅਤੇ ਨੁਕਸਾਨ ਜ਼ਿਆਦਾ

January 05, 2017 09:19 PM

ਸਿੰਧ ਪਾਣੀ ਸਮਝੌਤਾ, ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਾਂ-ਯੁੱਧਾਂ ਤੋਂ ਬੇਪਰਵਾਹ ਹੋ ਕੇ, 56 ਸਾਲਾਂ ਤੋਂ ਚਲਦਾ ਆ ਰਿਹਾ ਹੈ ਜੋ ਦੁਨੀਆਂ ਦਾ ਸੱਭ ਤੋਂ ਲੰਮੇ ਸਮੇਂ ਤਕ ਚਲਿਆ ਆ ਰਿਹਾ ਪਾਣੀ ਦਾ ਸਮਝੌਤਾ ਹੈ। ਪਰ ਪਿਛਲੇ ਸਾਲ ਤੋਂ ਇਹ ਪਾਣੀ ਦਾ ਸਮਝੌਤਾ ਮੁਸ਼ਕਲਾਂ ਵਿਚ ਫਸਿਆ ਹੋਇਆ ਹੈ ਕਿਉਂਕਿ ਮੌਜੂਦਾ ਸਰਕਾਰ ਪਾਕਿਸਤਾਨ ਵਲੋਂ ਭਾਰਤ ਅੰਦਰ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਮੰਨ ਕੇ, ਬਦਲੇ ਵਿਚ ਪਾਕਿਸਤਾਨ ਦਾ ਪਾਣੀ ਬੰਦ ਕਰਨਾ ਚਾਹੁੰਦੀ ਹੈ। ਅਜੇ ਤਕ ਭਾਰਤ ਨੂੰ ਸਿੰਧ ਦਾ 20% ਪਾਣੀ ਅਪਣੀਆਂ ਸਿੰਜਾਈ, ਬਿਜਲੀ ਆਦਿ ਦੀਆਂ ਜ਼ਰੂਰਤਾਂ ਵਾਸਤੇ ਮਿਲਦਾ ਹੈ। ਹੁਣ ਭਾਰਤ ਵਲੋਂ ਇਸ ਨਦੀ ਉਤੇ ਦੋ ਨਵੇਂ ਬੰਨ੍ਹ ਬਣਾਉਣ ਦੀ ਯੋਜਨਾ ਵੇਖ ਕੇ ਪਾਕਿਸਤਾਨ ਵਾਵੇਲਾ ਕਰ ਰਿਹਾ ਹੈ ਕਿ ਉਨ੍ਹਾਂ ਕੋਲ 40% ਤਕ ਪਾਣੀ ਘੱਟ ਜਾਵੇਗਾ। ਪਾਕਿਸਤਾਨ ਵਾਸਤੇ ਇਹ ਪਾਣੀ ਬਹੁਤ ਅਹਿਮੀਅਤ ਰਖਦਾ ਹੈ ਕਿਉਂਕਿ ਪਾਕਿਸਤਾਨ ਦੇ 80% ਖੇਤ ਇਸੇ ਪਾਣੀ ਉਤੇ ਨਿਰਭਰ ਕਰਦੇ ਹਨ। ਪਾਕਿਸਤਾਨ ਜ਼ਿਆਦਾਤਰ ਖੇਤੀਬਾੜੀ ਉਤੇ ਨਿਰਭਰ ਕਰਦਾ ਹੈ ਅਤੇ ਪਾਣੀ ਦਾ ਹੋਰ ਕੋਈ ਸਰੋਤ ਨਾ ਹੋਣ ਕਰ ਕੇ ਇਸ ਸਮਝੌਤੇ ਵਿਚ ਕਿਸੇ ਤਬਦੀਲੀ ਨਾਲ ਉਹ ਤਬਾਹੀ ਦਾ ਮੂੰਹ ਵੇਖਣ ਲੱਗ ਜਾਂਦਾ ਹੈ। ਦੂਜੇ ਪਾਸੇ ਭਾਰਤ ਅਪਣਾ 20% ਪਾਣੀ ਵੀ ਇਸਤੇਮਾਲ ਨਹੀਂ ਕਰ ਰਿਹਾ। ਬਸ ਇਕ ਬਦਲੇ ਦੀ ਭਾਵਨਾ ਨਾਲ ਇਸ 56 ਸਾਲ ਪੁਰਾਣੇ ਸਮਝੌਤੇ ਨੂੰ ਰੱਦ ਕਰਨ ਦੀ ਗੱਲ ਚਲ ਪਈ ਹੈ। ਭਾਰਤ ਸਰਕਾਰ ਸਮਝੌਤੇ ਨੂੰ ਰੱਦ ਕਰਨ ਦੀ ਕਾਹਲ ਵਿਚ ਕੁੱਝ ਖ਼ਾਸ ਗੱਲਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਪਹਿਲੀ ਇਹ ਕਿ ਸਿੰਧੂ ਨਦੀ ਦਾ ਜਨਮ ਭਾਰਤ ਵਿਚ ਨਹੀਂ, ਬਲਕਿ ਚੀਨ ਵਿਚ ਹੁੰਦਾ ਹੈ ਅਤੇ ਚੀਨ ਦਾ ਝੁਕਾਅ ਪਾਕਿਸਤਾਨ ਵਲ ਹੈ। ਇਸ ਸਮਝੌਤੇ ਵਿਚ ਚੀਨ ਦੀ ਕਦੇ ਕੋਈ ਦਖ਼ਲਅੰਦਾਜ਼ੀ ਬਿਲਕੁਲ ਵੀ ਨਹੀਂ ਰਹੀ। ਪਰ ਜੇ ਭਾਰਤ-ਪਾਕਿਸਤਾਨ ਵਿਚਕਾਰ ਇਹ ਸਮਝੌਤਾ ਰੱਦ ਹੋਇਆ ਤਾਂ ਪਾਕਿਸਤਾਨ ਦੀ ਖ਼ਾਤਰ ਚੀਨ ਇਸ ਪਾਣੀ ਨੂੰ ਭਾਰਤ ਵਿਚ ਆਉਣੋਂ ਰੋਕਣ ਦਾ ਪੂਰਾ ਹੱਕ ਵੀ ਵਰਤ ਸਕਦਾ ਹੈ। ਦੂਜੇ ਪਾਸੇ ਜੇ ਪਾਕਿਸਤਾਨ ਦਾ ਪਾਣੀ ਬੰਦ ਹੁੰਦਾ ਹੈ ਤਾਂ ਜਵਾਬ ਸਿਰਫ਼ ਪਾਕਿਸਤਾਨ ਸਰਕਾਰ ਦੇ ਹੱਥ ਵਿਚ ਨਹੀਂ, ਬਲਕਿ ਪਾਕਿਸਤਾਨ ਦੀ ਫ਼ੌਜ, ਜੋ ਸਰਕਾਰ ਤੋਂ ਵੀ ਵੱਧ ਤਾਕਤਵਰ ਹੈ, ਦੇ ਹੱਥ ਵਿਚ ਵੀ ਹੋਵੇਗਾ। ਪਾਕਿਸਤਾਨ, ਪਿਛਲੇ 30-40 ਸਾਲਾਂ ਤੋਂ ਭਾਰਤ ਦੇ ਦੋ ਰਾਜਾਂ, ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਲਗਾਤਾਰ ਤਬਾਹੀ ਮਚਾ ਰਿਹਾ ਹੈ ਅਤੇ ਭਾਰਤ ਸਰਕਾਰ ਦੀ ਅਸਫ਼ਲਤਾ ਰਹੀ ਹੈ ਕਿ ਉਹ ਅਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਨਹੀਂ ਕਰ ਸਕੀ। ਜੰਮੂ-ਕਸ਼ਮੀਰ ਵਿਚ ਤਾਂ ਲੋਕਾਂ ਦੇ ਮਨਾਂ ਨੂੰ ਜਿੱਤਣ ਵਿਚ ਸਰਕਾਰ ਪੂਰੀ ਤਰ੍ਹਾਂ ਹਾਰ ਚੁੱਕੀ ਹੈ। ਪਾਣੀ ਬੰਦ ਕਰਨ ਦੀ ਗੱਲ ਸੁਣ ਕੇ ਹੀ ਪਾਕਿਸਤਾਨ ਦੀ ਫ਼ੌਜ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਅਪਣੇ ਗੁੱਸੇ ਦਾ ਨਿਸ਼ਾਨਾ ਬਣਾ ਸਕਦੀ ਹੈ।
ਹੁਣ ਇਸ ਸਮਝੌਤੇ ਨੂੰ ਬਚਾਈ ਰੱਖਣ ਵਾਸਤੇ ਵਿਸ਼ਵ ਬੈਂਕ ਦੋਹਾਂ ਦੇਸ਼ਾਂ ਵਿਚਕਾਰ ਸ਼ਾਂਤੀ ਬਣਾਈ ਰੱਖਣ ਵਾਸਤੇ ਸਾਹਮਣੇ ਆਇਆ ਹੈ। ਭਾਰਤ ਅਤੇ ਪਾਕਿਸਤਾਨ ਵਿਚ ਬੜਾ ਫ਼ਰਕ ਹੈ ਅਤੇ ਹਮੇਸ਼ਾ ਰਹੇਗਾ। ਪਾਕਿਸਤਾਨ, ਫ਼ੌਜੀ ਦਬਦਬੇ ਵਾਲਾ ਦੇਸ਼ ਹੈ ਅਤੇ ਭਾਰਤ ਕੋਲ ਗਵਾਉਣ ਵਾਲਾ ਬਹੁਤ ਕੁੱਝ ਹੈ ਜੋ ਪਾਕਿਸਤਾਨ ਕੋਲ ਨਹੀਂ ਹੈ। ਸਾਡੀ ਆਜ਼ਾਦੀ, ਸਾਡੀ ਤਰੱਕੀ ਸੱਭ ਦਾਅ ਉਤੇ ਲੱਗ ਜਾਂਦੇ ਹਨ। ਭਾਰਤ ਦੀ ਕੂਟਨੀਤੀ ਪਹਿਲਾਂ ਵੀ ਸਫ਼ਲ ਨਹੀਂ ਹੋਈ ਅਤੇ ਸਾਡੇ ਨਾਲ ਇਸ ਵੇਲੇ ਪੂਰੇ 'ਆਸਿਆਨ' ਦੇਸ਼ਾਂ ਵਿਚੋਂ, ਕੁਲ ਮਿਲਾ ਕੇ ਬਸ ਇਕ ਅਫ਼ਗਾਨੀਸਤਾਨ ਹੀ ਖੜਾ ਦਿਸਦਾ ਹੈ। ਸਾਡਾ ਸੱਭ ਤੋਂ ਪੁਰਾਣਾ ਅਤੇ ਪੱਕਾ ਦੋਸਤ ਨੇਪਾਲ ਵੀ ਇਸ ਵੇਲੇ ਸਾਡੇ ਨਾਲ ਨਹੀਂ ਹੈ। ਭਾਰਤ ਨੂੰ ਬੜੇ ਧਿਆਨ ਨਾਲ ਕਦਮ ਚੁਕਣੇ ਪੈਣਗੇ ਨਹੀਂ ਤਾਂ ਕੌਮਾਂਤਰੀ ਭਾਈਚਾਰੇ ਵਿਚ ਭਾਰਤ ਦਾ ਰੁਤਬਾ ਕਮਜ਼ੋਰ ਪੈ ਸਕਦਾ ਹੈ। -ਨਿਮਰਤ ਕੌਰ

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman