Findus on Facebook
ਤਾਜ਼ਾਖ਼ਬਰਾਂ
ਨੋਟਬੰਦੀ : ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਤੋਂ ਸ਼ੁਰੂਆਤ ਕਰਨੀ ਪਵੇਗੀ (1)

ਨੋਟਬੰਦੀ : ਅਪਣੀ ਪੀੜ੍ਹੀ ਹੇਠ ਸੋਟਾ ਫੇਰਨ ਤੋਂ ਸ਼ੁਰੂਆਤ ਕਰਨੀ ਪਵੇਗੀ (1)

January 05, 2017 09:16 PM

8 ਨਵੰਬਰ ਨੂੰ ਜਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਤਾਂ ਦੇਸ਼ ਭਰ ਵਿਚ ਖਲਬਲੀ ਮਚ ਗਈ। ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਦੇ-ਸੁਣਦੇ ਲੋਕ ਏ.ਟੀ.ਐਮਾਂ. ਵੱਲ ਭੱਜੇ ਕਿਉਂਕਿ 8 ਨਵੰਬਰ ਦੀ ਅੱਧੀ ਰਾਤ ਤੋਂ ਬਾਅਦ ਲੋਕਾਂ ਕੋਲ ਪਏ 500 ਤੇ 1000 ਰੁਪਏ ਦੇ ਨੋਟ ਅਗਲੇ ਦਿਨ ਬਾਜ਼ਾਰ ਵਿਚ ਚਲਣੇ ਨਹੀਂ ਸਨ। ਜਿਨ੍ਹਾਂ ਕੋਲ ਵੱਡੀ ਗਿਣਤੀ 'ਚ ਨੋਟ ਪਏ ਸਨ, ਉਹ ਸੁਨਿਆਰਿਆਂ ਵੱਲ ਭੱਜੇ। ਸਾਰੀ ਰਾਤ ਸੋਨੇ ਦੀ ਖ਼ਰੀਦੋ-ਫ਼ਰੋਖਤ ਹੁੰਦੀ ਰਹੀ। ਕਈ ਥਾਵਾਂ ਤੇ ਸੋਨਾ ਦੁਗਣੇ ਰੇਟ ਤੇ ਵਿਕਣ ਦੀਆਂ ਵੀ ਖ਼ਬਰਾਂ ਆਈਆਂ। ਪ੍ਰਧਾਨ ਮੰਤਰੀ ਨੇ ਅਪਣੇ ਭਾਸ਼ਣ ਵਿਚ ਕਾਲਾ ਧਨ, ਅਤਿਵਾਦ, ਨਕਸਲਵਾਦ, ਜਾਅਲੀ ਕਰੰਸੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਨਾਂ ਉਤੇ ਭਾਰਤ ਵਾਸੀਆਂ ਤੋਂ 50 ਦਿਨਾਂ ਦਾ ਸਮਾਂ ਮੰਗਿਆ। ਭਾਰਤ ਵਾਸੀਆਂ ਨੇ ਪ੍ਰਧਾਨ ਮੰਤਰੀ ਦੇ ਸ਼ਬਦਾਂ ਉਤੇ ਪਹਿਰਾ ਦਿੰਦਿਆਂ ਮੁਸ਼ਕਲਾਂ, ਔਕੜਾਂ ਕੱਟ ਕੇ 50 ਦਿਨ ਲੰਘਾਏ। ਇਥੋਂ ਤਕ ਕਿ 80 ਤੋਂ ਵੱਧ ਭਾਰਤ ਵਾਸੀਆਂ ਨੂੰ ਅਪਣੀਆਂ ਜਾਨਾਂ ਤਕ ਗੁਆਉਣੀਆਂ ਪੈ ਗਈਆਂ ਪਰ ਪ੍ਰਧਾਨ ਮੰਤਰੀ ਨੇ 50 ਦਿਨਾਂ ਬਾਅਦ ਡੇਹਰਾਦੂਨ ਦੀ ਚੋਣ ਰੈਲੀ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਨੋਟਬੰਦੀ ਨਹੀਂ ਸਫ਼ਾਈ ਮੁਹਿੰਮ ਹੈ। ਇਹ ਬੇਈਮਾਨਾਂ ਵਿਰੁਧ ਜੰਗ ਹੈ। ਅੱਜ 50 ਦਿਨ ਬਾਅਦ ਜੇ ਪ੍ਰਧਾਨ ਮੰਤਰੀ ਇਸ ਮੁਹਿੰਮ ਨੂੰ ਨਵੇਂ-ਨਵੇਂ ਨਾਂ ਦੇ ਰਹੇ ਹਨ ਤਾਂ ਭਾਰਤ ਵਾਸੀ ਇਹ ਸੋਚਣ ਲਈ ਮਜਬੂਰ ਹਨ ਕਿ ਉਨ੍ਹਾਂ ਦੇ ਦੁੱਖਾਂ ਦਾ ਅੰਤ ਨਜ਼ਦੀਕ ਕਿਉਂ ਨਹੀਂ ਆ ਰਿਹਾ। ਕੀ ਇਸ ਸਫ਼ਾਈ ਅਭਿਆਨ ਦਾ ਹਾਲ ਸਵੱਛ ਭਾਰਤ ਦੇ ਸਫ਼ਾਈ ਅਭਿਆਨ ਵਾਂਗ ਹੀ ਹੋਵੇਗਾ? ਦੇਸ਼ ਦੇ ਹਰ ਕੋਨੇ ਵਿਚ ਭਾਜਪਾ ਆਗੂਆਂ ਨੇ ਹੱਥਾਂ ਵਿਚ ਝਾੜੂ ਫੜ ਕੇ ਜੋ ਤਸਵੀਰਾਂ ਖਿਚਵਾਈਆਂ ਸਨ, ਉਸ ਨੂੰ ਦੇਸ਼ ਵਾਸੀ ਅਜੇ ਭੁੱਲੇ ਨਹੀਂ ਹਨ।
ਜੇ ਇਹ ਜੰਗ ਭ੍ਰਿਸ਼ਟਾਚਾਰ, ਬੇਈਮਾਨੀ ਵਿਰੁਧ ਹੈ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਸਹਾਰਾ ਅਤੇ ਬਿਰਲਾ ਗਰੁੱਪ ਵਲੋਂ 40 ਕਰੋੜ ਰੁਪਏ ਰਿਸ਼ਵਤ ਲੈਣ ਦੇ ਜੋ ਦੋਸ਼ ਪ੍ਰਧਾਨ ਮੰਤਰੀ ਉਤੇ ਲਾਏ ਗਏ ਹਨ ਉਸ ਦੀ ਨਿਰਪੱਖ ਜਾਂਚ ਬਾਰੇ ਸਹਿਮਤੀ ਦੇ ਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਪਰ ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਪੀ. ਦੀ ਕਿਸੇ ਚੋਣ ਰੈਲੀ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਨਾ ਦੇ ਕੇ ਰਾਹੁਲ ਗਾਂਧੀ ਉਤੇ ਨਿਜੀ ਹਮਲਾ ਬੋਲਦਿਆਂ ਕਿਹਾ ਕਿ 'ਕਾਂਗਰਸ ਕੇ ਯੁਵਾ ਨੇਤਾ... ਉਨਕੋ ਅਬ ਭਾਸ਼ਣ ਦੇਨਾ ਆ ਗਿਆ ਹੈ... ਪਹਿਲੇ ਤੋ ਪਤਾ ਨਹੀਂ ਹੋਤਾ ਥਾ ਇਸ ਪੈਕੇਟ ਮੇਂ ਕਿਆ ਹੈ।' ਰਾਹੁਲ ਗਾਂਧੀ ਦੇ 40 ਕਰੋੜ ਰੁਪਏ ਲੈਣ ਦੇ ਲਾਏ ਦੋਸ਼ਾਂ ਦੇ ਜਵਾਬ ਵਿਚ ਇਕ ਵੀ ਲਫ਼ਜ਼ ਨਾ ਬੋਲਿਆ ਸਗੋਂ ਇਕ ਬਹੁਤ ਹੀ ਨਾਜ਼ੁਕ ਮਸਲੇ ਨੂੰ ਹਾਸੇ ਦੀ ਪਟਾਰੀ ਬਣਾ ਦਿਤਾ ਗਿਆ। ਕੁੱਝ ਅਜਿਹਾ ਹੀ ਉਨ੍ਹਾਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕੈਸ਼ਲੈੱਸ ਇੰਡੀਆ ਬਾਰੇ ਦਿਤੇ ਵਿਚਾਰਾਂ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ 'ਡਾ. ਮਨਮੋਹਨ ਸਿੰਘ ਕਹਿ ਰਹੇ ਹੈਂ ਦੇਸ਼ ਕੇ ਆਧੇ ਗਾਵੋਂ ਮੇਂ ਬਿਜਲੀ ਨਹੀਂ ਹੈ ਤੋ ਕੈਸ਼ਲੈੱਸ ਇੰਡੀਆ ਕੈਸੇ ਸੰਭਵ ਹੈ। ਮੈਂ ਪੂਛਨਾ ਚਾਹਤਾ ਹੂੰ ਕਿਆ ਮੈਨੇ ਕਿਸੇ ਗਾਂਵ ਕਾ ਬਿਜਲੀ ਕਾ ਖੰਭਾ ਉਖਾੜ ਦਿਆ ਹੈ। ਕਿਆ ਮਨਮੋਹਨ ਸਿੰਘ ਅਪਨੀ ਸਰਕਾਰ ਕਾ ਰੀਪੋਰਟ ਕਾਰਡ ਪੇਸ਼ ਕਰ ਰਹੇ ਹੈਂ ਯਾਂ ਮੇਰੀ ਸਰਕਾਰ ਕਾ?'
ਮੌਜੂਦਾ ਸਮੇਂ ਦੇ ਸੱਭ ਤੋਂ ਵੱਧ ਸਤਿਕਾਰਤ ਪ੍ਰਧਾਨ ਮੰਤਰੀ ਦੇ ਸਵਾਲਾਂ ਦਾ ਢੁਕਵਾਂ ਜਵਾਬ ਦੇਣ ਦੀ ਬਜਾਏ ਖਿੱਲੀ ਉਡਾਉਣਾ ਪ੍ਰਧਾਨ ਮੰਤਰੀ ਪੱਧਰ ਦੇ ਨੇਤਾ ਨੂੰ ਸ਼ੋਭਦਾ ਨਹੀਂ ਹੈ। ਜੇ ਮੋਦੀ ਪਿੰਡਾਂ ਦੀ ਇਸ ਹਾਲਤ ਲਈ ਡਾ. ਮਨਮੋਹਨ ਸਿੰਘ ਦੀ 10 ਸਾਲਾਂ ਦੀ ਸਰਕਾਰ ਨੂੰ ਜ਼ਿੰਮੇਵਾਰ ਸਮਝਦੇ ਹਨ ਤਾਂ ਉਹ ਵੱਡੀ ਭੁੱਲ ਕਰ ਰਹੇ ਹਨ। ਡਾ. ਮਨਮੋਹਨ ਸਿੰਘ ਦੀ ਸਰਕਾਰ ਤੋਂ ਪਹਿਲਾਂ 5 ਸਾਲ ਭਾਜਪਾ ਦੀ ਸਰਕਾਰ ਸੀ ਤੇ ਕਰੀਬ 3 ਸਾਲ ਮੋਦੀ ਸਰਕਾਰ ਨੂੰ ਵੀ ਹੋਣ ਵਾਲੇ ਹਨ। 10 ਸਾਲ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਮੁਕਾਬਲੇ ਬੀ.ਜੇ.ਪੀ. ਸਰਕਾਰ ਦੇ ਵੀ 8 ਸਾਲ ਗੁਜ਼ਰ ਚੁੱਕੇ ਹਨ ਤੇ 2 ਸਾਲਾਂ ਵਿਚ ਕੋਈ ਪਰਲੋ ਨਹੀਂ ਆਉਣ ਵਾਲੀ।
ਇਸ ਸਾਰੇ ਬਿਰਤਾਂਤ ਦਾ ਸੱਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਭ੍ਰਿਸ਼ਟਾਚਾਰ ਵਰਗੇ ਸੰਜੀਦਾ ਦੋਸ਼ਾਂ ਦਾ ਜਵਾਬ ਨਾ ਦੇ ਕੇ ਗੱਲ ਹਾਸੇ ਵਿਚ ਪਾਉਣੀ ਪ੍ਰਧਾਨ ਮੰਤਰੀ ਨੂੰ ਸੋਭਾ ਨਹੀਂ ਦਿੰਦੀ। ਹੁਣ ਤਾਂ ਸਾਰੀ ਵਿਰੋਧੀ ਧਿਰ ਇਕਜੁਟ ਹੋ ਕੇ ਪ੍ਰਧਾਨ ਮੰਤਰੀ ਨੂੰ ਪੁੱਛ ਰਹੀ ਹੈ ਕਿ ਉਹ ਨਿਰਪੱਖ ਜਾਂਚ ਲਈ ਤਿਆਰ ਕਿਉਂ ਨਹੀਂ ਹਨ? ਪ੍ਰਧਾਨ ਮੰਤਰੀ ਅਪਣੇ ਹਰ ਭਾਸ਼ਣ ਵਿਚ ਇਹ ਗੱਲ ਕਹਿੰਦੇ ਹਨ ਕਿ ਦੇਸ਼ ਦੇ ਲੋਕ ਬਹੁਤ ਸਮਝਦਾਰ ਹਨ, ਦੇਸ਼ ਨੋਟਬੰਦੀ ਦਾ ਸਮਰਥਨ ਕਰ ਰਿਹਾ ਹੈ। ਕਾਸ਼ ਮੇਰੇ ਦੇਸ਼ ਦੇ ਲੋਕ ਸੱਚਮੁਚ ਏਨੇ ਸਮਝਦਾਰ ਹੋ ਜਾਣ ਕਿ ਉਹ ਨੇਤਾਵਾਂ ਉਪਰ ਲੱਗੇ ਦੋਸ਼ਾਂ ਦੇ ਬੇਹੂਦਾ ਜਵਾਬ ਸੁਣ ਕੇ ਤਾੜੀਆਂ ਨਾ ਮਾਰਨ ਸਗੋਂ ਨੇਤਾਵਾਂ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ ਮਜਬੂਰ ਕਰ ਦੇਣ।
8 ਨਵੰਬਰ ਨੂੰ ਜਦ ਪ੍ਰਧਾਨ ਮੰਤਰੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਤਾਂ ਉਸ ਵਿਚ ਕਿਤੇ ਵੀ ਕੈਸ਼ਲੈੱਸ ਇੰਡੀਆ, ਪੇਅ ਟੀਐਮ, ਮੋਬਾਈਲ ਬੈਂਕਿੰਗ, ਕਾਰਡ ਰਾਹੀਂ ਖ਼ਰੀਦਦਾਰੀ ਦਾ ਜ਼ਿਕਰ ਤਕ ਨਹੀਂ ਸੀ। 9 ਨਵੰਬਰ ਤੋਂ ਬਾਅਦ ਦਿਨੋਂ-ਦਿਨ ਜਦ ਮੋਦੀ ਸਰਕਾਰ ਨੂੰ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ,  ਨਵੀਂ ਕਰੰਸੀ ਦੀ ਭਾਰੀ ਘਾਟ, ਬੈਂਕਾਂ ਤਕ ਨਵੀਂ ਕਰੰਸੀ ਦੀ ਪਹੁੰਚ ਨਾ ਹੋਣ ਵਰਗੀਆਂ ਮੁਸ਼ਕਲਾਂ ਨਾਲ ਦੋ-ਚਾਰ ਹੋਣਾ ਪਿਆ ਤਾਂ ਪ੍ਰਧਾਨ ਮੰਤਰੀ ਨੇ 'ਆਪ ਕਾ ਮੋਬਾਈਲ ਹੀ ਆਪ ਦਾ ਬਟੂਆ ਹੈ' ਵਰਗੇ ਨਵੇਂ ਸ਼ਗੂਫ਼ੇ ਛਡਣੇ ਸ਼ੁਰੂ ਕਰ ਦਿਤੇ। ਕੀ ਸਾਰੇ ਦੇਸ਼ ਵਿਚ ਪੇਅ ਟੀਐਮ ਮੋਬਾਈਲ ਖ਼ਰੀਦਦਾਰੀ ਦਾ ਮੁਢਲਾ ਢਾਂਚਾ ਵੀ ਹੈ? ਜਿਵੇਂ-ਜਿਵੇਂ ਦਿਨ ਲੰਘਦੇ ਗਏ ਨੋਟਬੰਦੀ ਦੀ ਤਾਣੀ ਉਲਝਦੀ ਗਈ। ਮੀਡੀਆ ਰਾਹੀਂ ਭਾਜਪਾ ਸਰਕਾਰ ਨੇ ਜੋ ਦੇਸ਼ਭਗਤੀ ਦਾ ਭੂਤ ਲੋਕਾਂ ਉਤੇ ਸਵਾਰ ਕੀਤਾ ਸੀ, ਉਹ ਰੋਜ਼ਾਨਾ ਆ ਰਹੀਆਂ ਮੁਸ਼ਕਲਾਂ ਕਰ ਕੇ ਉਤਰਨਾ ਸ਼ੁਰੂ ਹੋ ਗਿਆ। ਸਾਰੀ ਬੀ.ਜੇ.ਪੀ. ਪਾਰਟੀ ਤੇ ਮੋਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਨੇ ਇਸ ਕੰਮ ਉਤੇ ਲਾ ਦਿਤਾ ਕਿ ਮੀਡੀਆ ਰਾਹੀਂ ਇਹ ਪ੍ਰਚਾਰ ਕਰੋ ਕਿ ਦੇਸ਼ ਦੇ ਇਤਿਹਾਸ ਵਿਚ ਮੋਦੀ ਸਰਕਾਰ ਵਲੋਂ ਬਹੁਤ ਵੱਡਾ ਮਾਅਰਕੇ ਦਾ ਕੰਮ ਕੀਤਾ ਜਾ ਰਿਹਾ ਹੈ। ਨੋਟਬੰਦੀ ਅੱਜ ਤੋਂ ਪਹਿਲਾਂ ਦੁਨੀਆਂ ਵਿਚ ਕਿਤੇ ਵੀ ਸਫ਼ਲ ਨਹੀਂ ਹੋਈ, ਇਹ ਸਿਰਫ਼ ਭਾਰਤ ਦੇ ਦੇਸ਼ਭਗਤ ਲੋਕਾਂ ਕਰ ਕੇ ਹੀ ਸੰਭਵ ਹੋ ਸਕਿਆ ਹੈ। ਕਤਾਰਾਂ ਵਿਚ ਲੱਗੇ ਦੇਸ਼ ਦੇ ਗ਼ਰੀਬ, ਮਿਹਨਤਕਸ਼ ਲੋਕਾਂ ਨੂੰ ਵਾਰ-ਵਾਰ ਟੀ.ਵੀ. ਤੇ ਸੁਣਾ ਕੇ ਉਨ੍ਹਾਂ ਨੂੰ ਵੱਡੇ ਦੇਸ਼ਭਗਤ ਹੋਣ ਦਾ ਫ਼ਿਲਮੀ ਸਰਟੀਫ਼ੀਕੇਟ ਦਿਤਾ ਗਿਆ। ਜਦੋਂ ਰੋਜ਼ਾਨਾ ਦੀਆਂ ਤੰਗੀਆਂ ਤੁਰਸ਼ੀਆਂ ਨਾਲ ਝੰਬਿਆ ਵਿਅਕਤੀ ਨੋਟਬੰਦੀ ਨਾਲ ਲੜ ਰਿਹਾ, ਯੁੱਧ ਹਾਰਦਾ ਪ੍ਰਤੀਤ ਹੁੰਦਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀਆਂ-ਵੱਡੀਆਂ ਚੋਣ ਰੈਲੀਆਂ ਵਿਚ ਕੁੱਝ ਨਵੇਂ ਜੁਮਲੇ ਛੱਡ ਕੇ ਲੋਕਾਂ ਦੀਆਂ ਤਾੜੀਆਂ ਵਿਚ ਅਪਣੀ ਪਿੱਠ ਥਪਥਪਾਉਂਦੇ ਹੋਏ ਆਖਦੇ 'ਬੜੇ ਬੜੇ ਧੰਨਾ ਸੇਠ ਪਕੜੇ ਜਾ ਰਹੇ ਹੈਂ। ਧੰਨਾ ਸੇਠ ਕੀ ਕਾਲੀ ਕਮਾਈ ਦੇਸ਼ ਕੇ ਗ਼ਰੀਬ ਕੇ ਕਲਿਆਣ ਕੇ ਲੀਏ ਪ੍ਰਯੋਗ ਕੀ ਜਾਏਗੀ। 50 ਦਿਨੋਂ ਬਾਅਦ ਗ਼ਰੀਬ ਕੇ ਅੱਛੇ ਦਿਨ ਆਨੇ ਵਾਲੇ ਹੈਂ।' ਹੁਣ ਜਦੋਂ 50 ਦਿਨ ਬਾਅਦ 90 ਫ਼ੀ ਸਦੀ ਤੋਂ ਜ਼ਿਆਦਾ ਪੁਰਾਣੀ ਕਰੰਸੀ ਬੈਂਕਾਂ ਵਿਚ ਜਮ੍ਹਾਂ ਹੋ ਗਈ ਹੈ ਤਾਂ ਗ਼ਰੀਬ ਦੇਸ਼ਭਗਤਾਂ ਦੀਆਂ ਅੱਖਾਂ ਠੰਢੀਆਂ ਕਰਨ ਲਈ ਰੋਜ਼ਾਨਾ ਕਰੋੜਾਂ ਰੁਪਏ ਦੇ ਨਵੇਂ ਨੋਟ ਫੜ ਕੇ ਵਾਰ-ਵਾਰ ਟੀ.ਵੀ. ਉਤੇ ਵਿਖਾ ਕੇ ਆਮ ਲੋਕਾਂ ਦੇ ਜ਼ਖ਼ਮਾਂ ਉਤੇ ਨਮਕ ਛਿੜਕ ਰਹੇ ਹਨ। ਆਮ ਲੋਕ ਹੈਰਾਨ ਹਨ ਕਿ ਸਾਰਾ-ਸਾਰਾ ਦਿਨ ਬੈਂਕ ਅੱਗੇ ਕਤਾਰਾਂ ਵਿਚ ਲੱਗ ਕੇ 2 ਜਾਂ 3 ਨੋਟ ਮਿਲਦੇ ਹਨ। ਇਹ ਕਰੋੜਾਂ ਰੁਪਏ ਲੋਕਾਂ ਕੋਲ ਕਿਵੇਂ ਪਹੁੰਚੇ? ਕੀ ਮੋਦੀ ਭਗਤ ਦੇਸ਼ ਦੇ ਭ੍ਰਿਸ਼ਟ ਢਾਂਚੇ ਤੋਂ ਵਾਕਫ਼ ਨਹੀਂ ਸੀ? ਕੀ ਪ੍ਰਧਾਨ ਮੰਤਰੀ ਨੂੰ ਭ੍ਰਿਸ਼ਟ ਬਾਬੂਆਂ ਬਾਰੇ ਜਾਣਕਾਰੀ ਨਹੀਂ ਸੀ? ਹੁਣ ਨੋਟਬੰਦੀ ਦੀ ਅਸਫ਼ਲਤਾ ਨੂੰ ਬੈਂਕਾਂ ਦੇ ਸਿਰ ਥੋਪਣ ਦੀ ਕਵਾਇਦ ਜਾਰੀ ਹੈ। ਹੁਣ ਜਦੋਂ ਨੋਟਬੰਦੀ ਨਾਲ ਕੁੱਝ ਸੰਵਰਿਆ ਨਹੀਂ ਤਾਂ ਪ੍ਰਧਾਨ ਮੰਤਰੀ ਕੈਸ਼ਲੈੱਸ ਇੰਡੀਆ, ਮੋਬਾਈਲ ਬੈਂਕਿੰਗ, ਈ-ਬੈਂਕਿੰਗ, ਬੇਨਾਮੀ ਜਾਇਦਾਦ, ਖਾਤਿਆਂ ਦੀ ਜਾਂਚ ਪੜਤਾਲ, ਖ਼ਰੀਦਦਾਰਾਂ ਨੂੰ ਤੋਹਫ਼ੇ, ਵਪਾਰੀਆਂ ਨੂੰ ਤੋਹਫ਼ੇ, ਟੈਕਸ ਛੋਟਾਂ ਵਰਗੇ ਲਾਲੀਪਾਪ ਦੇ ਕੇ ਨੋਟਬੰਦੀ ਦੀ ਅਸਫ਼ਲਤਾ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀ ਦੀ ਇਕ ਕਹਾਵਤ ਹੈ ਕਿ 'ਬੇਸ਼ਰਮਾਂ ਦੀ ਡੁੱਲ੍ਹ ਗਈ ਦਾਲ, ਅਖੇ ਅਸੀਂ ਤਾਂ ਭੁੰਜੇ ਡੋਲ੍ਹ-ਡੋਲ੍ਹ ਖਾਂਦੇ ਹੁੰਨੇ ਆਂ।' ਪ੍ਰਧਾਨ ਮੰਤਰੀ ਦੀ ਹਾਲਤ ਵੀ ਅਜਿਹੀ ਹੀ ਪ੍ਰਤੀਤ ਹੋ ਰਹੀ ਹੈ।
(ਬਾਕੀ ਕਲ)
ਸੰਪਰਕ : 98721-64222

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman