...ਜਿਨ੍ਹਾਂ ਦੇ ਨੈਣੀਂ ਨੀਲਾ ਥੋਥਾ?

...ਜਿਨ੍ਹਾਂ ਦੇ ਨੈਣੀਂ ਨੀਲਾ ਥੋਥਾ?

January 05, 2017 09:15 PM

ਰਾਮਪੁਰਾ ਫੂਲ ਵਿਚ ਅਕਾਲੀ ਕਹਾਉਂਦੇ ਇਕ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਆਯੋਜਤ ਹੋਏ ਸਮਾਗਮ ਮੌਕੇ ਅਠਾਰਵੀਂ ਸਦੀ ਤੋਂ ਚੱਲੀ ਆ ਰਹੀ ਸਿੱਖ ਅਰਦਾਸ ਦੀ ਇਕ ਤਰ੍ਹਾਂ ਨਾਲ 'ਪੈਰੋਡੀ' ਬਣਾਈ ਗਈ। ਇਹ ਮੰਤਰੀ 'ਸ਼੍ਰੀ ਮਾਨ' ਭਾਵੇਂ ਉਸ ਪਾਰਟੀ ਦਾ ਹੀ ਹੈ, ਜੋ ਹੁਣ ਪੂਰਨ ਰੂਪ ਵਿਚ 'ਬਾਦਲ ਦਲ' ਬਣ ਚੁੱਕੀ ਹੈ ਪਰ ਉਸ ਇਕੱਠ ਵਿਚ ਉਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ (ਇਕ ਮੌਜੂਦਾ ਅਤੇ ਇਕ ਸਾਬਕਾ) ਵੀ ਖੜੇ ਸਨ।
ਕੌਮੀ ਨਿਘਾਰ ਪ੍ਰਤੀ ਘੋਰ ਚਿੰਤਾ 'ਚ ਪਾਉਣ ਵਾਲੀ ਇਹ ਦੁਖਦਾਈ ਖ਼ਬਰ ਪੜ੍ਹ ਕੇ ਇਸ ਬਾਰੇ ਕੋਈ ਹੋਰ ਵਿਚਾਰ-ਵਟਾਂਦਰਾ ਕਰਨ ਲਈ ਮੈਂ ਪੰਜਾਬ ਰਹਿੰਦੇ ਇਕ ਗੁਰਮੁਖ ਪਿਆਰੇ ਨਾਲ ਗੱਲਬਾਤ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਇਹ ਮਿੱਤਰ ਹਾਲੇ ਸ਼ਹਿਰੋਂ ਹੋ ਕੇ ਘਰ ਵਾਪਸ ਆਇਆ ਹੀ ਸੀ। ਉਹ ਵੀ ਅਨੇਕਾਂ ਸਿੱਖਾਂ ਵਾਂਗ ਇਸੇ ਖ਼ਬਰ ਦਾ ਪਛਿਆ ਹੋਇਆ ਲੁੱਛ-ਲੁੱਛ ਕਰ ਰਿਹਾ ਸੀ।
''ਵੀਰ ਜੀ, ਭਾਵੇਂ ਬਾਹਰੀ ਲਿਬਾਸ ਜਾਂ ਚਿਹਰਾ ਮੋਹਰਾ ਸਾਡਾ ਸਿੱਖਾਂ ਵਾਲਾ ਹੀ ਹੈ ਪਰ ਅੰਦਰੋਂ ਸਾਨੂੰ ਸਿੱਖੀ ਨਹੀਂ ਜ਼ਮੀਨ-ਜਾਇਦਾਦਾਂ ਤੇ ਅਹੁਦੇ ਜ਼ਿਆਦਾ ਪਿਆਰੇ ਹਨ।''
ਇੰਜ ਕਹਿ ਕੇ ਉਸ ਨੇ ਤਾਜ਼ੀ-ਤਾਜ਼ੀ ਹੱਡਬੀਤੀ ਸੁਣਾਈ। ਅਪਣੇ ਪਿੰਡੋਂ ਸ਼ਹਿਰ ਕਿਸੇ ਕੰਮ ਗਏ ਹੋਏ ਨੂੰ ਉਸ ਦਾ ਕੋਈ ਦੋਸਤ ਮਿਲ ਪਿਆ, ਜੋ ਕਿ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਦਾ ਸੱਜਾ-ਖੱਬਾ ਹੱਥ ਸਮਝਿਆ ਜਾਂਦਾ ਹੈ। ਸਰਦੀ ਜ਼ਿਆਦਾ ਹੋਣ ਕਾਰਨ ਦੋਵੇਂ ਜਣੇ ਇਕ ਹੋਟਲ ਵਿਚ ਚਾਹ ਪੀਣ ਲੱਗੇ। ਭਰੇ-ਫਿੱਸੇ ਪਏ ਮੇਰੇ ਮਿੱਤਰ ਨੇ ਫ਼ੋਨ ਕੱਢ ਕੇ ਉਸ ਨੂੰ 'ਮਲੂਕੇ ਦੀ ਕਾਮਯਾਬੀ ਲਈ ਹੁੰਦੀ ਅਰਦਾਸ' ਵਾਲੀ ਵੀਡੀਉ ਵਿਖਾਈ ਅਤੇ ਪੁਛਿਆ ਕਿ ਦੋ ਦਿਨ ਹੋ ਗਏ ਇਸ ਨੂੰ 'ਵਾਇਰਲ' ਹੋਈ ਨੂੰ, ਸਾਡੇ ਹਲਕਾ ਮੈਂਬਰ ਸਾਹਿਬ ਦਾ ਇਸ ਦੇ ਵਿਰੋਧ ਬਾਰੇ ਕੋਈ ਪ੍ਰਤੀਕਰਮ ਹੈ? ਨਾਲ ਹੀ ਉਸ ਦਾ 'ਅੰਦਰ ਟਟੋਲਣ' ਲਈ ਮੇਰੇ ਜਾਣੂ ਨੇ ਉਸ ਨੂੰ ਵੀ ਪੁੱਛ ਲਿਆ ਕਿ ਤੁਹਾਨੂੰ ਅਪਣੀ ਪਾਰਟੀ ਦੇ ਆਗੂ ਦੀ ਇਸ ਕਰਤੂਤ ਉਤੇ ਗੁੱਸਾ ਤਾਂ ਆਇਆ ਹੀ ਹੋਵੇਗਾ?
ਰੋਣ-ਹਾਕਾ ਹੁੰਦਿਆਂ ਮੇਰੇ ਮਿੱਤਰ ਨੇ ਦਸਿਆ ਕਿ ਮੇਰਾ ਸਵਾਲ ਸੁਣ ਕੇ ਉਹ 'ਹੀਂ-ਹੀਂ-ਹੀਂ' ਕਰਦਾ ਉੱਠਿਆ ਤੇ ਉੱਪਰ ਦੀ ਪਹਿਨੀ ਹੋਈ ਸ੍ਰੀ ਸਾਹਿਬ ਦਾ ਗਾਤਰਾ ਸਵਾਰਦਾ ਹੋਇਆ ਬੋਲਿਆ, ''ਛੱਡੋ ਭਰਾ ਜੀ ਇਹ 'ਪੋਲੀਟੀਕਲ ਗੱਲਾਂ' ਤਾਂ ਚਲਦੀਆਂ ਰਹਿਣਗੀਆਂ... ਮੈਂ ਦਫ਼ਤਰੋਂ ਫ਼ਾਰਮ ਲੈ ਕੇ ਭਰਨਾ ਹੈ... ਮੋਟਰ ਕੁਨੈਕਸ਼ਨ ਲੈਣ ਲਈ... ਜਥੇਦਾਰ ਦੀ ਸਿਫ਼ਾਰਸ਼ ਪੁਆਈ ਹੋਈ ਏ...ਫੇ' ਚੋਣ ਜ਼ਾਬਤਾ ਲੱਗ ਜਾਣੈ, ਮੇਰਾ ਕੰਮ ਕਿਤੇ ਵਿਚਾਲੇ ਈ ਨਾ ਰਹਿ ਜਾਵੇ।''
ਦੂਸਰਾ ਕਿੱਸਾ ਬੜਾ ਪੁਰਾਣਾ ਹੈ। ਸਿਰਦਾਰ ਕਪੂਰ ਸਿੰਘ ਦਾ। ਸਿੱਖ ਨਿਰੰਕਾਰੀ ਕਸ਼ੀਦਗੀ ਦਾ ਖ਼ੂਨੀ ਮੁੱਢ ਤਾਂ 1978 ਦੀ ਵਿਸਾਖੀ ਵਾਲੇ ਦਿਨ ਤੋਂ ਬੱਝਾ ਸੀ ਅਤੇ ਉਨ੍ਹਾਂ ਨਾਲ ਨਾ-ਮਿਲਵਰਤਨ ਬਾਰੇ ਹੁਕਮਨਾਮਾ ਵੀ ਇਸੇ ਵਰ੍ਹੇ ਜਾਰੀ ਹੋਇਆ। ਪਰ ਇਹ ਗੱਲ ਸ਼ਾਇਦ 1969 ਸੰਨ ਦੀ ਹੋਵੇ, ਜਦੋਂ ਸਿਰਦਾਰ ਕਪੂਰ ਸਿੰਘ ਨੇ ਪੰਜਾਬ ਅਸੈਂਬਲੀ ਦੀ ਚੋਣ ਲੜੀ ਸੀ। ਜ਼ਿਲ੍ਹਾ ਲੁਧਿਆਣਾ ਵਿਚ ਚੋਣ-ਪ੍ਰਚਾਰ ਦੌਰਾਨ ਉਹ ਇਕ ਅਜਿਹੇ ਥਾਂ ਪਹੁੰਚ ਗਏ, ਜਿਥੇ ਨਿਰੰਕਾਰੀਆਂ ਦਾ ਕੋਈ ਸਮਾਗਮ ਚਲ ਰਿਹਾ ਸੀ। ਨਾਂਹ-ਨੁੱਕਰ ਕਰਦਿਆਂ ਉਹ ਅਪਣੇ ਨਾਲ ਦਿਆਂ ਸਾਥੀਆਂ ਦੇ ਕਹਿਣ ਤੇ ਉਸ ਸਮਾਗਮ ਵਿਚ ਜਾ ਬੈਠੇ। ਹਾਲੇ ਅੱਧਾ ਕੁ ਘੰਟਾ ਬੈਠਿਆਂ ਨੂੰ ਹੋਇਆ ਹੋਵੇਗਾ ਕਿ ਨਿਰੰਕਾਰੀ-ਸਟੇਜ ਉਤੇ ਬੋਲ ਰਹੇ ਵਕਤਾ ਨੇ ਗੁਰਮਤਿ ਵਿਰੁਧ ਕੁੱਝ ਗ਼ਲਤ ਟਿਪਣੀਆਂ ਕੀਤੀਆਂ। ਬਿਜਲੀ ਦੀ ਫੁਰਤੀ ਵਾਂਗ ਸਿਰਦਾਰ ਸਾਹਿਬ ਇਕਦਮ ਉੱਠ ਖਲੋਤੇ। ਵਕਤਾ ਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਵਾਉਂਦਿਆਂ ਉਹ ਅਪਣੀ ਗੱਲ ਕਹਿਣ ਲੱਗ ਪਏ। ਥੱਲੇ ਬੈਠੇ ਉਨ੍ਹਾਂ ਦੇ ਸਾਥੀ ਸ. ਸੁਰਜਨ ਸਿੰਘ ਠੇਕੇਦਾਰ, ਸਿਰਦਾਰ ਜੀ ਦੇ ਪੈਰਾਂ ਉਤੇ ਚੂੰਢੀਆਂ ਵਢਦੇ ਹੋਏ ਇਸ਼ਾਰੇ ਕਰਨ ਲੱਗੇ ਕਿ 'ਹਾਲੇ ਕੁੱਝ ਨਾ ਬੋਲੋ... ਨਾਜ਼ੁਕ ਸਮਾਂ ਹੈ... ਸਾਡੀਆਂ ਵੋਟਾਂ ਖ਼ਰਾਬ ਹੋਣਗੀਆਂ... ਅਸੀਂ ਹਾਰ ਵੀ ਜਾਵਾਂਗੇ... ਜਾਣ ਦਿਉ ਗੁੱਸੇ ਨੂੰ।' ਕਹਿੰਦੇ ਸਿਰਦਾਰ ਕਪੂਰ ਸਿੰਘ ਨੇ ਫੁਰਤੀ ਨਾਲ ਪੈਰ ਝਟਕ ਕੇ ਅਪਣੇ ਸਾਥੀਆਂ ਨੂੰ ਉੱਚੀ-ਉੱਚੀ ਕਿਹਾ- ''ਹਟ ਭਾਈ ਸੁਰਜਣ ਸਿਹਾਂ, ਮੈਂ ਜਿੱਤਾਂ ਚਾਹੇ ਹਾਰਾਂ, ਮੈਨੂੰ ਨਹੀਂ ਪ੍ਰਵਾਹ। ... ਪਰ ਮੈਂ ਅਪਣੇ ਗੁਰੂ ਦੀ ਬੇਅਦਬੀ ਸੁਣ ਕੇ ਚੁੱਪ ਨਹੀਂ ਰਹਿ ਸਕਦਾ।''
ਹੁਣ ਜ਼ਰਾ ਕੌੜਾ ਘੁੱਟ ਭਰਨ ਵਾਂਗ ਸਵਰਗੀ ਜਥੇਦਾਰ ਸੁਰਜਣ ਸਿੰਘ ਠੇਕੇਦਾਰ ਮੂੰਹੋਂ ਸੁਣੀ ਹੋਈ ਇਹ ਗੱਲ ਮੈਨੂੰ ਹੁੱਬ-ਹੁੱਬ ਕੇ ਸੁਣਾਉਣ ਵਾਲੇ ਸਿੱਖ ਦੇ 'ਸਿੱਖੀ ਪ੍ਰੇਮ' ਬਾਰੇ ਵੀ ਸੁਣ ਲਉ। ਕਈ ਸਾਲ ਪਹਿਲਾਂ ਬਾਦਲਾਂ ਵਲੋਂ ਸਿੱਖ ਧਰਮ ਵਿਰੋਧੀ ਕੀਤੀ ਗਈ ਕਿਸੇ ਕਾਰਵਾਈ ਪ੍ਰਤੀ ਤਕੜੇ ਗੁੱਸੇ ਦਾ ਇਜ਼ਹਾਰ ਕਰਦਿਆਂ ਬਾਦਲਸ਼ਾਹੀ ਨੂੰ ਭੰਡਣ ਵਾਲੇ ਇਹ ਸਿੰਘ ਸਾਹਿਬ, ਹੁਣ ਮਲੂਕੇ ਦਾ ਪੱਖ ਪੂਰ ਰਹੇ ਹਨ। ਜਨਾਬ ਫ਼ੁਰਮਾ ਰਹੇ ਹਨ ਕਿ ਜਿਹੜੀ ਅਰਦਾਸ ਸ੍ਰੀ ਮਲੂਕਾ ਨੇ ਅਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਕਰਵਾਈ ਹੈ ਉਹ ਹਿੰਦੂ ਗ੍ਰੰਥਾਂ ਵਿਚ 'ਬਹੁਤ ਪੁਰਾਣੇ' ਸਮੇਂ ਤੋਂ ਲਿਖੀ ਹੋਈ ਮਿਲਦੀ ਹੈ। ਭਾਵੇਂ ਬਹੁਤ ਸਾਰੇ ਸੁਹਿਰਦ ਹਿੰਦੂ ਭਰਾ ਇਹ ਐਲਾਨੀਆ ਕਹਿ ਰਹੇ ਹਨ ਕਿ ਅਜਿਹੀ ਅਰਦਾਸ ਦਾ ਕਿਸੇ ਹਿੰਦੂ ਇਤਿਹਾਸਕ ਗ੍ਰੰਥ ਵਿਚ ਕੋਈ ਹਵਾਲਾ ਨਹੀਂ ਮਿਲਦਾ, ਪਰ ਕੁੱਝ ਸਾਲ ਪਹਿਲਾਂ ਸਿਰਦਾਰ ਕਪੂਰ ਸਿੰਘ ਦੀ ਉਸਤਤਿ ਕਰਨ ਵਾਲੇ ਇਹ 'ਪੰਜ-ਕਕਾਰੀ' ਖ਼ਾਲਸਾ ਜੀ ਹੁਣ ਸਿਆਸਤ ਉਤੋਂ ਧਰਮ ਨੂੰ ਕੁਰਬਾਨ ਕਰ ਰਹੇ ਹਨ।
ਬਾਲ ਉਮਰ ਸਮੇਂ ਸਾਡੇ ਪਿੰਡਾਂ 'ਚ ਸੰਨਿਆਸੀ ਬਾਣੇ ਹਾਥੀ ਲੈ ਕੇ ਆਉਂਦੇ ਹੁੰਦੇ ਸਨ। ਵਰੀ੍ਹਂ-ਛਿਮਾਹੀ ਸਬੱਬੀਂ ਹਾਥੀ ਵੇਖ ਕੇ ਸਾਰੇ ਨਿਆਣੇ-ਸਿਆਣੇ ਉਸ ਦੇ ਮਗਰ ਹੋ ਤੁਰਦੇ। ਸੱਚ ਕਿ ਝੂਠ, ਪੇਂਡੂ ਬਜ਼ੁਰਗ ਔਰਤਾਂ ਕਿਹਾ ਕਰਦੀਆਂ ਸਨ ਕਿ ਇਹ ਬਾਵੇ ਜਦ ਜੰਗਲਾਂ 'ਚੋਂ ਹਾਥੀ ਫੜਦੇ ਨੇ ਤਾਂ ਉਦੋਂ ਹੀ ਇਸ ਦੀਆਂ ਅੱਖਾਂ ਵਿਚ ਨੀਲਾ ਥੋਥਾ ਪਾ ਦਿੰਦੇ ਹਨ। ਬਸ ਫਿਰ ਇਸ ਨੂੰ ਆਪ ਨੂੰ ਦਿਸਣਾ ਬੰਦ ਹੋ ਜਾਂਦਾ ਹੈ ਤੇ ਇਹ 'ਵਿਚਾਰਾ' ਸਿਰ ਉਤੇ ਕੁੰਡਾ ਲੈ ਕੇ ਬੈਠੇ ਮਹਾਵਤ ਦੇ ਇਸ਼ਾਰਿਆਂ ਨਾਲ ਹੀ ਉਠਦਾ-ਬਹਿੰਦਾ ਅਤੇ ਤੁਰਿਆ-ਫਿਰਦਾ ਹੈ। ਕਿਸੇ ਲਾਲਚ ਜਾਂ ਲਾਲਸਾ ਅਧੀਨ ਸਿਆਸੀ ਮਹਾਵਤਾਂ ਦੇ ਅਧੀਨ ਹੋ ਚੁੱਕੇ ਬੰਦਿਆਂ ਉਤੇ ਵੀ ਨੈਣੀ ਥੋਥਾ ਪੁਆ ਕੇ ਗ਼ੁਲਾਮ ਬਣੀ ਫਿਰਦੇ ਹਾਥੀ ਵਾਲੀ ਮਿਸਾਲ ਹੀ ਢੁਕਦੀ ਹੈ।
ਸੰਪਰਕ : 001-408-915-1268
ਈ-ਮੇਲ : tsdupalpuri0yahoo.com

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman